ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ
ਬਾਬੂਸ਼ਾਹੀ ਨੈੱਟਵਰਕ
ਪਾਇਲ, 25 ਮਈ 2022-ਲੁਧਿਆਣਾ ਦੇ ਕਸਬਾ ਪਾਇਲ ਵਿਖੇ ਹਾਈ ਵੋਲਟੇਜ ਤਾਰਾਂ ਦੀ ਲਪੇਟ ਚ ਆ ਕੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਹਨਾਂ ਚੋਂ ਇੱਕ 25 ਸਾਲ ਦਾ ਕੁਵਾਰਾ ਲੜਕਾ ਅਤੇ ਦੂਜਾ 47 ਸਾਲਾਂ ਦਾ ਵਿਅਕਤੀ ਸੀ। ਕਰੰਟ ਦੀ ਲਪੇਟ ਚ ਆਏ ਇਹਨਾਂ ਵਿਅਕਤੀਆਂ ਨੂੰ ਜਦੋਂ ਮਜ਼ਦੂਰ ਬਚਾ ਰਹੇ ਸੀ ਤਾਂ ਉਹ ਵੀ ਕਰੰਟ ਨਾਲ ਝੁਲਸ ਗਏ। 5 ਹੋਰ ਮਜਦੂਰ ਇਸ ਘਟਨਾ ਚ ਝੁਲਸੇ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ। ਦੁਖਦਾਈ ਗੱਲ ਇਹ ਹੈ ਕਿ ਮਰਨ ਵਾਲੇ 25 ਸਾਲਾਂ ਦੇ ਹਰਵੀਰ ਸਿੰਘ ਦੇ ਪਿਤਾ ਜਸਪਾਲ ਸਿੰਘ ਦੀ ਵੀ ਇਸੇ ਤਰਾਂ ਮੌਤ ਹੋਈ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਹਨੇਰੀ ਨਾਲ ਖੇਤਾਂ ਚ ਮੋਟਰ ਦਾ ਸ਼ੈੱਡ ਟੁੱਟ ਗਿਆ ਸੀ ਜਿਸਨੂੰ ਠੀਕ ਕੀਤਾ ਜਾ ਰਿਹਾ ਸੀ। ਇਸ ਸ਼ੇਡ ਦੇ ਉਪਰੋਂ ਹਾਈ ਵੋਲਟੇਜ ਤਾਰਾਂ ਨਿਕਲਦੀਆਂ ਹਨ। ਜਿਹਨਾਂ ਦੀ ਲਪੇਟ ਚ ਹਰਵੀਰ ਸਿੰਘ ਅਤੇ ਕੁਲਜੀਤ ਸਿੰਘ ਆ ਗਏ ਅਤੇ ਮੌਤ ਹੋ ਗਈ। ਬਾਕੀ ਦੇ ਦੋ ਮਜ਼ਦੂਰ ਖੰਨਾ ਦੇ ਇੱਕ ਨਿੱਜੀ ਹਸਪਤਾਲ ਦਾਖਲ ਹਨ ਅਤੇ 3 ਦਾ ਇਲਾਜ ਪਿੰਡ ਵਿਚ ਹੀ ਕਰਾਇਆ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਤਾਰਾਂ ਨੂੰ ਹਟਾਉਣ ਦੀ ਮੰਗ ਕਈ ਵਾਰ ਕੀਤੀ ਗਈ ਸੀ ਪ੍ਰੰਤੂ ਕਿਸੇ ਨੇ ਧਿਆਨ ਨਹੀਂ ਦਿੱਤਾ। ਜਿਸਦੀ ਵੀ ਲਾਪਰਵਾਹੀ ਹੈ ਉਸ ਖਿਲਾਫ ਕਾਰਵਾਈ ਕੀਤੀ ਜਾਵੇ।
ਰੌਣੀ ਚੌਂਕੀ ਇੰਚਾਰਜ ਪ੍ਰਗਟ ਸਿੰਘ ਨੇ ਕਿਹਾ ਕਿ ਕਰੰਟ ਲੱਗਣ ਨਾਲ 2 ਮੌਤਾਂ ਹੋਈਆਂ ਹਨ। ਲਾਸ਼ਾਂ ਸਰਕਾਰੀ ਹਸਪਤਾਲ ਖੰਨਾ ਰਖਵਾ ਦਿੱਤੀਆਂ ਹਨ। ਬਿਆਨ ਲਿਖੇ ਜਾ ਰਹੇ ਹਨ। ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।