ਸਪਾਈਸਜੈੱਟ ਏਅਰਲਾਈਨ ਕੰਪਨੀ ਦੇ ਸਿਸਟਮ 'ਤੇ ਵੱਡਾ ਸਾਈਬਰ ਹਮਲਾ, ਕਈ ਉਡਾਣਾਂ ਪ੍ਰਭਾਵਿਤ
ਨਵੀਂ ਦਿੱਲੀ, 25 ਮਈ 2022 - ਸਪਾਈਸਜੈੱਟ ਦੀਆਂ ਕਈ ਉਡਾਣਾਂ ਬੁੱਧਵਾਰ ਨੂੰ ਦੇਰੀ ਨਾਲ ਹੋਈਆਂ ਅਤੇ ਰੱਦ ਕਰ ਦਿੱਤੀਆਂ ਗਈਆਂ ਕਿਉਂਕਿ ਸਪਾਈਸਜੈੱਟ ਏਅਰਲਾਈਨ ਕੰਪਨੀ ਨੂੰ ਬੀਤੀ ਰਾਤ ਰੈਨਸਮਵੇਅਰ ਹਮਲੇ (ਸਾਈਬਰ ਹਮਲੇ) ਦਾ ਸਾਹਮਣਾ ਕਰਨਾ ਪਿਆ।
ਸਪਾਈਸਜੈੱਟ 'ਤੇ ਮੰਗਲਵਾਰ ਰਾਤ ਨੂੰ ਰੈਨਸਮਵੇਅਰ ਹਮਲਾ ਹੋਇਆ। ਇਸ ਕਾਰਨ ਬਜਟ ਕੈਰੀਅਰ ਦੀਆਂ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਹਮਲੇ ਦਾ ਅਸਰ ਖਾਸ ਤੌਰ 'ਤੇ ਬੁੱਧਵਾਰ ਸਵੇਰੇ ਦੀਆਂ ਉਡਾਣਾਂ 'ਤੇ ਪਿਆ ਹੈ।
ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਹੁਣ ਫਲਾਈਟ ਸੰਚਾਲਨ ਆਮ ਵਾਂਗ ਹੋ ਗਿਆ ਹੈ ਅਤੇ ਖਰਾਬੀ ਨੂੰ ਠੀਕ ਕਰ ਲਿਆ ਗਿਆ ਹੈ। ਏਅਰਲਾਈਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਸਪਾਈਸਜੈੱਟ ਨੇ ਸਵੇਰੇ 8.30 ਵਜੇ ਟਵੀਟ ਕਰਕੇ ਜਾਣਕਾਰੀ ਦਿੱਤੀ, 'ਮੰਗਲਵਾਰ ਰਾਤ ਨੂੰ ਸਪਾਈਸਜੈੱਟ ਦੇ ਕੁਝ ਸਿਸਟਮਾਂ 'ਤੇ ਰੈਨਸਮਵੇਅਰ ਅਟੈਕ ਹੋਇਆ ਹੈ, ਜਿਸ ਕਾਰਨ ਸਵੇਰ ਦੀ ਉਡਾਣ 'ਚ ਦੇਰੀ ਹੋਈ ਹੈ। ਸਾਡੀ IT ਟੀਮ ਨੇ ਸਮੱਸਿਆ ਨੂੰ ਪਛਾਣ ਲਿਆ ਹੈ ਅਤੇ ਹੁਣ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ।
ਏਅਰਲਾਈਨ ਕੋਲ 91 ਜਹਾਜ਼ ਹਨ, ਜਿਨ੍ਹਾਂ ਵਿੱਚੋਂ 13 ਮੈਕਸ ਜਹਾਜ਼ ਹਨ ਅਤੇ 46 ਬੋਇੰਗ 737 ਦੇ ਪੁਰਾਣੇ ਸੰਸਕਰਣ ਹਨ। ਹਾਲ ਹੀ ਵਿੱਚ, ਸਪਾਈਸਜੈੱਟ ਦੇ ਸੀਐਮਡੀ ਅਜੇ ਸਿੰਘ ਨੇ ਇੱਕ ਈਮੇਲ ਵਿੱਚ ਆਪਣੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਜਲਦੀ ਹੀ ਜਹਾਜ਼ ਵਿੱਚ ਆਨਬੋਰਡ ਬਰਾਡਬੈਂਡ ਇੰਟਰਨੈਟ ਸੇਵਾ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ।