ਡਾ. ਹਰਚੰਦ ਸਿੰਘ ਬੇਦੀ ਰਚਿਤ ਵਿਸ਼ਵਕੋਸ਼ ਭਾਈ ਵੀਰ ਸਿੰਘ ਦਾ 29 ਮਈ ਨੂੰ ਰਿਲੀਜ਼ ਹੋਵੇਗਾ
ਅੰਮ੍ਰਿਤਸਰ : 26 ਮਈ 2022 - ਪੰਜਾਬੀ ਦੇ ਪ੍ਰਮੁੱਖ ਸਿੱਖ ਵਿਦਵਾਨ ਸਵਰਗਵਾਸੀ ਡਾ: ਹਰਚੰਦ ਸਿੰਘ ਬੇਦੀ ਦੀ ਪਹਿਲੀ ਸਲਾਨਾ ਬਰਸੀ 29 ਮਈ ਨੂੰ ਨਾਟਸ਼ਾਲਾ ਸਾਹਮਣੇ ਖਾਲਸਾ ਕਾਲਜ ਵਿਖੇ ਮਨਾਈ ਜਾਵੇਗੀ।ਇਸ ਵਿਚ ਵਿਸ਼ਵਕੋਸ਼ ਭਾਈ ਵੀਰ ਸਿੰਘ ਰਿਲੀਜ਼ ਕੀਤਾ ਜਾਵੇਗਾ। ਡਾ: ਹਰਚੰਦ ਸਿੰਘ ਬੇਦੀ ਨੂੰ ਅਦਬੀ ਰੂਪ ਚ ਯਾਦ ਕਰਨ ਲਈ 29 ਮਈ ਨੂੰ ਸਵੇਰੇ 10 ਵਜੇ ਸਮਾਗਮ ਅਰੰਭ ਹੋਵੇਗਾ।
ਇਸ ਸਮਾਗਮ ਵਿਚ ਡਾ: ਬੇਦੀ ਵਲੋਂ ਕਈ ਸਾਲਾਂ ਦੀ ਲੰਘੀ ਘਾਲਣਾ ਬਾਅਦ ਤਿਆਰ ਕੀਤੇ ਵਿਸ਼ਵਕੋਸ਼ ਭਾਈ ਵੀਰ ਸਿੰਘ ਤਿੰਨ ਭਾਗਾਂ ਨੂੰ ਰਿਲੀਜ਼ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਡਾ. ਬੇਦੀ ਪਰਵਾਸੀ ਪੰਜਾਬੀ ਸਾਹਿਤ ਸਿਰਜਣਧਾਰਾ ਦੇ ਵੱਡੇ ਵਿਦਵਾਨ ਸਨ ਜਿੰਨ੍ਹਾਂ ਨੇ ਪਰਵਾਸੀ ਪੰਜਾਬੀ ਸਾਹਿਤ ਦੇ 10 ਸੰਦਰਭ ਕੋਸ਼ਾਂ ਦੀ ਸਿਰਜਣਾ ਤੋਂ ਇਲਾਵਾ 55 ਦੇ ਕਰੀਬ ਹੋਰ ਪੁਸਤਕਾਂ ਦੀ ਸਿਰਜਨਾ ਵੀ ਕੀਤੀ। ਅਦਬੀ ਮੁਲਾਕਾਤਾਂ ਦੀ ਉਨ੍ਹਾ ਦੀ ਪਹਿਲੀ ਪੁਸਤਕ ਸੀ ਜਿਸ ਨੇ ਸਾਹਿਤਕ ਖੇਤਰ ਵਿਚ ਨਵੀ ਇਬਾਰਤ ਲਿਖੀ ਸੀ। ਡਾ. ਬੇਦੀ ਦੀਆਂ ਪੁਸਤਕਾਂ ਅੱਜ ਯੂਨੀਵਰਸਿਟੀਆਂ ਦੇ ਸਿਲੇਬਸ ਦਾ ਹਿੱਸਾ ਹਨ।ਉਨ੍ਹਾਂ ਦੀ ਸਾਹਿਤਕ ਘਾਲਣਾ ਦੀ ਮਿਸਾਲ ਲੱਭਣੀ ਔਖੀ ਹੈ।
ਵਿਸ਼ਵਕੋਸ਼ ਭਾਈ ਵੀਰ ਸਿੰਘ, ਡਾ. ਬੇਦੀ ਦੀ 9 ਸਾਲ ਦੀ ਮਿਹਨਤ ਦਾ ਹੀ ਪ੍ਰਮਾਣ ਹੈ। ਕਿਸੇ ਪੰਜਾਬੀ ਲੇਖਕ ਬਾਰੇ ਇਹ ਪਹਿਲਾ ਵਿਸ਼ਵਕੋਸ਼ ਹੈ।ਇਸ ਵਿਸ਼ਵਕੋਸ਼ ਦੇ ਰਿਲੀਜ ਸਮਾਗਮ ਵਿਚ ਬਤੌਰ ਸਰਪ੍ਰਸਤ ਡਾ. ਸ: ਪ: ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਹੋਣਗੇ ਅਤੇ ਪ੍ਰਧਾਨਗੀ ਡਾ: ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ। ਡਾ. ਇੰਦਰਬੀਰ ਸਿੰਘ ਨਿੱਝਰ ਵਧਾਇਕ ਅਤੇ ਪ੍ਰਧਾਨ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਅਤੇ ਚਰਚਿਤ ਸ਼ਾਇਰ ਸ: ਗੁਰਭਜਨ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਹੋਣਗੇ।
ਇਸ ਸਮਾਗਮ ਵਿਚ ਮੁੱਖ ਭਾਸ਼ਣ ਡਾ: ਆਤਮ ਸਿੰਘ ਰੰਧਾਵਾ ਮੁਖੀ ਪੰਜਾਬੀ ਵਿਭਾਗ ਖਾਲਸਾ ਕਾਲਜ,ਅੰਮ੍ਰਿਤਸਰ ਦਾ ਹੋਵੇਗਾ। ਇਸ ਸਮਾਗਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਡਾ: ਹਰਚੰਦ ਸਿੰਘ ਬੇਦੀ ਦੇ ਵਿਦਿਆਰਥੀਆਂ ਆਧਾਰਿਤ ਬਣੀ ਕਮੇਟੀ ਮੈਂਬਰ ਡਾ: ਗੁਰਬੀਰ ਸਿੰਘ ਬਰਾੜ, ਡਾ: ਸੁਖਵਿੰਦਰ ਕੌਰ ਮੱਲ੍ਹੀ, ਡਾ: ਇੰਦਰਾ ਵਿਰਕ, ਡਾ: ਅਕਾਲ ਅੰਮ੍ਰਿਤ ਕੌਰ, ਡਾ: ਕੰਵਲਜੀਤ ਸਿੰਘ ਬੱਲ, ਡਾ: ਤੇਜਿੰਦਰ ਕੌਰ ਅਤੇ ਡਾ: ਪਰਮਜੀਤ ਸਿੰਘ ਨੇ ਸਾਂਝੇ ਰੂਪ ਵਿਚ ਦਿੱਤੀ ਹੈ।