ਪਿੰਡ ਹਿੰਮਤਪੁਰਾ ਦੀਆਂ ਮੰਗਾਂ ਸਬੰਧੀ ਹਲਕਾ ਵਿਧਾਇਕ ਨੂੰ 27 ਮਈ ਨੂੰ ਮਿਲੇਗਾ ਜੱਥੇਬੰਦੀਆਂ ਦਾ ਵਫ਼ਦ
ਸੁਖਮੰਦਰ ਹਿੰਮਤਪੁਰੀ
ਨਿਹਾਲ ਸਿੰਘ ਵਾਲਾ 26 ਮਈ 2022 - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਹਿੰਮਤਪੁਰਾ (ਮੋਗਾ) ਦੀ ਮੀਟਿੰਗ ਇਕਾਈ ਪ੍ਰਧਾਨ ਜੰਗੀਰ ਸਿੰਘ ਹਿੰਮਤਪੁਰਾ ਦੇ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੀ ਪਿੰਡ ਇਕਾਈ ਵੀ ਸ਼ਾਮਲ ਹੋਈ। ਮੀਟਿੰਗ ਵਿੱਚ ਪਿੰਡ ਦੀਆਂ ਸਮੱਸਿਆਂਵਾਂ ਨਾਲ ਸੰਬੰਧਿਤ ਮਸਲੇ ਦੁਬਾਰਾ ਵਿਚਾਰੇ ਗਏ। ਜਿਵੇਂ ਪਟਵਾਰੀ ਦੀ ਪੋਸਟ ਦੀ ਖਾਲੀ ਪਈਆਂ ਅਸਾਮੀਆਂ ਭਰਾਉਣ ਲਈ, ਬੰਦ ਪਏ ਸੇਵਾ ਕੇਂਦਰ ਨੂੰ ਚਾਲੂ ਕਰਵਾਉਣਾ,ਬੰਦ ਪਿਆ ਸੜਕਾਂ ਦਾ ਕੰਮ ਚਾਲੂ ਕਰਵਾਉਣ ਲਈ,ਬੰਦ ਪਏ ਬੱਸ ਰੂਟ ਨੂੰ ਚਾਲੂ ਕਰਵਾਉਣ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਦੀਆਂ ਹੱਦਾਂ ਅੰਦਰ ਲਗਾਏ ਜਾ ਰਹੇ ਨਜਾਇਜ਼ ਨਾਕਿਆਂ ਨੂੰ ਬੰਦ ਕਰਵਾਉਣ ਲਈ ਆਦਿ ਮੰਗਾਂ ਸੰਬੰਧੀ ਤਿੰਨੇ ਜੱਥੇਬੰਦੀਆਂ ਦਾ ਵਫ਼ਦ 27 ਮਈ ਦਿਨ ਸ਼ੁੱਕਰਵਾਰ ਨੂੰ 12 ਵਜੇ ਨੂੰ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਨਿਹਾਲ ਸਿੰਘ ਵਾਲਾ ਵਿਖੇ ਮਿਲੇਗਾ। ਆਗੂਆਂ ਨੇ ਕਿਹਾ ਕਿ ਜੱਥੇਬੰਦੀਆਂ ਵੱਲੋਂ ਸੰਘਰਸ਼ ਕਰਨ ਦੀ ਗੱਲ ਕਹਿਣ ਤੇ ਸੜਕ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਬਾਕੀ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।