ਪਤੰਗ ਉਡਾਉਣ ਲਈ ਸਿੰਥੈਟਿਕ ਜਾਂ ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਭੰਡਾਰ ਕਰਨ ਅਤੇ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 26 ਮਈ, 2022: ਵਧੀਕ ਜ਼ਿਲਾ ਮੈਜਿਸਟੇ੍ਰਟ ਸ਼੍ਰੀ ਅਨਮੋਲ ਸਿਘ ਧਾਲੀਵਾਲ ਨੇ ਫੌਜ਼ਦਾਰੀ ਜਾਬਤਾ ਸੰਘਤਾ, 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਸੰਗਰੂਰ ’ਚ ਪੈਂੇਦੇ ਥਾਣਿਆਂ ਦੇ ਇਲਾਕਿਆਂ ਅੰਦਰ ਪਤੰਗ, ਗੁੱਡੀਆਂ ਉਡਾਉਣ ਲਈ ਸਿੰਥੈਟਿਕ ਜਾਂ ਪਲਾਸਟਿਕ ਦੀ ਬਣੀ ਡੋਰ ਨੰੂ ਵੇਚਣ, ਭੰਡਾਰ ਕਰਨ ਅਤੇ ਇਸ ਦੀ ਵਰਤੋਂ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਹੈ।
ਹੁਕਮਾਂ ’ਚ ਕਿਹਾ ਗਿਆ ਹੈ ਕਿ ਅੱਜ ਕੱਲ ਪਤੰਗ, ਗੁੱਡੀਆ ਉਡਾਉਣ ਲਈ ਜ਼ਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸੂਤੀ ਡੋਰ ਤੋਂ ਹਟ ਕੇ ਸਿੰਥੈਟਿਕ ਜਾਂ ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਉਹ ਬਹੁਤ ਮਜ਼ਬੂਤ, ਨਾ-ਗਲਣਯੋਗ ਅਤੇ ਨਾ ਹੀ ਟੁੱਟਣਯੋਗ ਹੁੰਦੀ ਹੈ। ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ ਉਡਾਉਣ ਵਾਲਿਆਂ ਦੇ ਹੱਥ ਅਤੇ ਉਂਗਲਾਂ ਕੱਟ ਦਿੰਦੀ ਹੈ। ਸਾਇਕਲ ਅਤੇ ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟੇ ਜਾਣ ਤੋਂ ਇਲਾਵਾ ਉੱਡਦੇ ਪੰਛੀਆਂ ਦੇ ਫਸ ਜਾਣ ਤੇ ਉਨਾਂ ਦੇ ਮਰਨ ਦੀਆਂ ਕਾਫੀ ਘਟਨਾਵਾਂ ਵਾਪਰਦੀਆਂ ਹਨ । ਇਸ ਤੋਂ ਇਲਾਵਾ ਡੋਰ ਵਿੱਚ ਫਸੇ ਪੰਛੀਆਂ ਦੀ ਮੌਤ ਹੋ ਜਾਣ ਅਤੇ ਪੰਛੀਆਂ ਦੇ ਰੁੱਖਾਂ ’ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ। ਇਸ ਤਰਾਂ ਸਿੰਥੈਟਿਕ ਜਾਂ ਪਲਸਾਟਿਕ ਦੀ ਬਣੀ ਇਹ ਡੋਰ ਜਦੋਂ ਪਤੰਗਾਂ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ।
ਹੁਕਮ ’ਚ ਅੱਗੇ ਦੱਸਿਆ ਕਿ ਇਨਾਂ ਤੱਥਾਂ ਨੰੂ ਮੁੱਖ ਰੱਖਦਿਆਂ ਸਿੰਥੈਟਿਕ ਜਾਂ ਪਲਾਸਟਿਕ ਦੀ ਬਣੀ ਡੋਰ ਨੰੂ ਪਤੰਗਾਂ ਲਈ ਵਰਤਣ ਵਾਸਤੇ ਵੇਚਣ, ਭੰਡਾਰ ਕਰਨ ਅਤੇ ਇਸ ਦੀ ਵਰਤੋਂ ਤੇ ਰੋਕ ਲਗਾਉਣ ਲਈ ਕਦਮ ਦੀ ਅਤਿ ਲੋੜ ਮਹਿਸੂਸ ਕੀਤੀ ਗਈ ਹੈ। ਇਹ ਪਾਬੰਦੀ ਹੁਕਮ ਮਿਤੀ 24 ਜੁਲਾਈ 2022 ਤੱਕ ਲਾਗੂ ਰਹਿਣਗੇ।