ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਐੱਸ ਡੀ ਐਮ ਦਫ਼ਤਰ ਬਾਬਾ ਬਕਾਲਾ ਅੱਗੇ ਕਿਸਾਨਾਂ ਦਾ ਧਰਨਾ ਸ਼ੁਰੂ
ਬਲਰਾਜ ਸਿੰਘ ਰਾਜਾ
ਖਲਚੀਆਂ, 26 ਮਈ 2022 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਦੇ ਕਿਸਾਨਾਂ ਵੱਲੋਂ ਬੁੱਟਰ ਖੰਡ ਮਿੱਲ ਵੱਲ ਖੜੀ ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਅੱਜ ਐੱਸ ਡੀ ਐਮ ਦਫ਼ਤਰ ਬਾਬਾ ਬਕਾਲਾ ਸਾਹਿਬ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਧਰਨੇ ਦੀ ਅਗਵਾਈ ਗੁਰਪ੍ਰੀਤ ਸਿੰਘ ਖ਼ਾਨਪੁਰ ਅਤੇ ਰਣਜੀਤ ਸਿੰਘ ਕਲੇਰ ਬਾਲਾ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ, ਗੁਰਬਚਨ ਸਿੰਘ ਚਬਾ, ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਕਿਹਾ ਕਿ ਸਾਲ 2021-22 ਸੀਜ਼ਨ ਦਾ ਲਗਭਗ 800 ਕਰੋੜ ਰੁਪਈਆ ਕਿਸਾਨਾਂ ਦਾ ਸਰਕਾਰੀ ਅਤੇ ਗੈਰ ਸਰਕਾਰੀ ਮਿੱਲਾਂ ਵੱਲ ਖੜ੍ਹਾ ਹੈ। ਪਰ ਮਿੱਲ ਮਾਲਕ ਕਿਸਾਨਾਂ ਦੇ ਖਾਤਿਆਂ ਵਿੱਚ ਇਹ ਰਕਮ ਪਾਉਣ ਤੋਂ ਆਨਾਕਾਨੀ ਕਰ ਰਹੇ ਹਨ। ਰਾਣਾ ਸ਼ੂਗਰ ਮਿੱਲ ਵੱਲ ਵੀ ਕਿਸਾਨਾਂ ਦਾ ਕੋਈ 80 ਕਰੋੜ ਰੁਪਈਆ ਖੜ੍ਹਾ ਹੈ।
ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਵਿੱਚ ਬੁੱਟਰ ਮਿੱਲ ਦੇ ਅਧਿਕਾਰੀ ਮੰਨ ਚੁੱਕੇ ਹਨ ਕੇ ਇਹ ਰਾਸ਼ੀ ਜਲਦੀ ਹੀ ਕਿਸਾਨਾਂ ਨੂੰ ਅਦਾ ਕਰ ਦਿੱਤੀ ਜਾਵੇਗੀ, ਪਰ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਵੀ ਗੰਨੇ ਦੀ ਰਕਮ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਈ। ਅੱਜ ਕਿਸਾਨਾਂ ਨੇ ਫ਼ੈਸਲਾ ਕਰਕੇ ਐੱਸ ਡੀ ਐਮ ਬਾਬਾ ਬਕਾਲਾ ਦੇ ਦਫ਼ਤਰ ਸਾਹਮਣੇ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਿੱਚ ਪੈ ਕੇ ਮਸਲੇ ਦਾ ਹੱਲ ਨਾ ਕੱਢਿਆ ਗਿਆ ਤਾਂ ਕਿਸਾਨ ਨੈਸ਼ਨਲ ਹਾਈਵੇ ਜਾ ਰੇਲਵੇ ਟਰੈਕ ਜਾਮ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਖੁਰਾਨਾ, ਹਰਦੀਪ ਸਿੰਘ ਫ਼ੌਜੀ, ਹਰਜੀਤ ਸਿੰਘ ਲੀਲ੍ਹ ਕਲਾ, ਭਜਨ ਸਿੰਘ ਵੈਰੋਂ ਨੰਗਲ, ਡਾਕਟਰ ਹਰਦੀਪ ਸਿੰਘ, ਸਤਨਾਮ ਸਿੰਘ ਮਧਰੇ, ਹਜ਼ੂਰ ਸਿੰਘ ਕਪੂਰਾ, ਝਿਲਮਿਲ ਸਿੰਘ ਬੱਜੂਮਾਨ, ਹਰਵਿੰਦਰ ਸਿੰਘ ਮਸਾਣੀਆਂ, ਬਾਬਾ ਨਰਿੰਦਰ ਸਿੰਘ, ਬਾਬਾ ਸ਼ੀਤਲ ਸਿੰਘ ਆਦਿ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ।