ਮਾਮਿਆਂ ਦੀ ‘ਸਿਆਸੀ ਬੇੜੀ ’ਚ ਵੱਟੇ’ ਪਾਉਣ ਵਾਲੇ ਸਿੱਧ ਹੋਏ ਭਾਣਜੇ
ਅਸ਼ੋਕ ਵਰਮਾ
ਬਠਿੰਡਾ,26ਮਈ2022: ਪੰਜਾਬ ’ਚ ਰਾਜਨੀਤੀ ਦੇ ਵੱਡੇ ਵੱਡੇ ਪਹਿਲਵਾਨਾਂ ਨੂੰ ਭਾਵੇਂ ਹੋਰ ਵੀ ਕਈ ਮਾਮਲਿਆਂ ਕਾਰਨ ਸਿਆਸੀ ਤੌਰ ਤੇ ਨੁਕਸਾਨ ਝੱਲਣਾ ਪਿਆ ਹੈ ਪਰ ਬਰਖਾਸਤ ਸਿਹਤ ਮੰਤਰੀ ਵਿਜੇ ਸਿੰਗਲਾ ਦੇ ਮਾਮਲੇ ਨੇ ਤਿੰਨ ਭਾਣਜੇ ਚਰਚਾ ’ਚ ਲਿਆਂਦੇ ਹਨ ਜਿੰਨ੍ਹਾਂ ’ਚ ਭਾਣਜਿਆਂ ਨੇ ਮਾਮਿਆਂ ਨੂੰ ਫਸਾਉਣ ’ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਇਹ ਭਾਣਜੇ ਨਾਂ ਕੇਵਲ ਆਪਣੇ ਮਾਮਿਆਂ ਦੀ ਸਿਆਸੀ ਬੇੜੀ ’ਚ ਵੱਟੇ ਪਾਉਣ ਵਾਲੇ ਸਿੱਧ ਹੋਏ ਬਲਕਿ ਉਨ੍ਹਾਂ ਦਾ ਸਿਆਸੀ ਸਫਰ ਵੀ ਦਾਅ ਤੇ ਲੱਗ ਗਿਆ ਹੈ। ਤਾਜਾ ਮਾਮਲਾ ਆਮ ਆਦਮੀ ਪਾਰਟੀ ਦੇ ਮਾਨਸਾ ਹਲਕੇ ਤੋਂ ਵਿਧਾਇਕ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਦਾ ਹੈ।
ਵਿਜੇ ਸਿੰਗਲਾ ਦੇ ਸਿਆਸੀ ਕੈਰੀਅਰ ਨੂੰ ਅਰਸ਼ ਤੋਂ ਫਰਸ਼ ਤੇ ਲਿਆਉਣ ’ਚ ਉਨ੍ਹਾਂ ਦੇ ਭਾਣਜੇ ਪ੍ਰਦੀਪ ਬਾਂਸਲ ਬਠਿੰਡਾ ਦਾ ਵੱਡਾ ਯੋਗਦਾਨ ਰਿਹਾ ਹੈ। ਵਿਜੇ ਸਿੰਗਲਾ ਨੂੰ ਮੰਗਲਵਾਰ ਵਾਲੇ ਦਿਨ ਭਿ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਗਿ੍ਰਫਤਾਰ ਕੀਤਾ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਸਟਿੰਗ ਆਪਰੇਸ਼ਨ ’ਚ ਸਾਹਮਣੇ ਆਇਆ ਸੀ ਕਿ ਭਾਣਜੇ ਨੇ ਮਾਮੇ ਤਰਫੋਂ ਕਮਿਸ਼ਨ ਦੀ ਮੰਗ ਕੀਤੀ ਹੈ। ਹੁਣ ਤਾਂ ਮੀਡੀਆ ’ਚ ਇਹ ਸਾਹਮਣੇ ਆਇਆ ਹੈ ਪ੍ਰਦੀਪ ਬਾਂਸਲ ਨੂੰ ਤਾਂ ਸਰਕਾਰੀ ਤੌਰ ਤੇ ਓਐਸਡੀ ਨਿਯੁਕਤ ਹੀ ਨਹੀਂ ਕੀਤਾ ਗਿਆ ਸੀ ਬਲਕਿ ਉਹ ਮਾਮੇ ਦੀ ਤਾਕਤ ਦੇ ਸਹਾਰੇ ਹੀ ਆਪਣਾ ਕਥਿਤ ਭ੍ਰਿਸ਼ਟਾਚਾਰੀ ਤੰਤਰ ਹੀ ਚਲਾ ਰਿਹਾ ਸੀ।
ਭਾਵੇਂ ਇਹ ਵੀ ਹਕੀਕਤ ਹੈ ਕਿ ਅਜਿਹੇ ਮਾਮਲਿਆਂ ’ਚ ਫਸੇ ਸਿਆਸੀ ਲੋਕਾਂ ਅਤੇ ਅਫਸਰਾਂ ਦਾ ਕਦੇ ਵਾਲ ਵੀ ਵਿੰਗਾ ਨਹੀਂ ਹੋਇਆ ਪਰ ਵਿਜੇ ਸਿੰਗਲਾ ਮਾਮਲੇ ਨੇ ਦਰਸਾ ਦਿੱਤਾ ਹੈ ਕਿ ਭਾਣਜੇ ਦੀ ਦਖਲਅੰਦਾਜ਼ੀ ਕਾਰਨ ਮੰਤਰੀ ਮਾਮੇ ਨੂੰ ਰਾਜਨੀਤਕ ਅਤੇ ਸਮਾਜਿਕ ਤੌਰ ਤੇ ਵੱਡਾ ਹਰਜਾ ਝੱਲਣਾ ਪਿਆ ਹੈ। ਲੋਕ ਆਖਦੇ ਹਨ ਹਨ ਕਿ ਮਹਾਂਭਾਰਤ ਦੇ ਵਕਤ ’ਚ ‘ਸ਼ੁਕਨੀ ਮਾਮੇ ’ ਦੇ ਆਪਣੇ ਭਾਣਜੇ ਦੁਰਯੋਧਨ ਪ੍ਰਤੀ ਪਿਆਰ ਕਾਰਨ ਨਾਂ ਕੇਵਲ ਭਾਣਜਾ ਬਲਕਿ ਪੂਰਾ ਕੌਰਵ ਪ੍ਰੀਵਾਰ ਡੁੱਬ ਗਿਆ ਸੀ ਜਦੋਂਕਿ ਪੰਜਾਬ ’ਚ ਮਾਮਿਆਂ ਨੂੰ ਡੋਬਣ ’ਚ ਭਾਣਜਿਆਂ ਦਾ ਵੱਡਾ ਹੱਥ ਰਿਹਾ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਿਆਸੀ ਕੈਰੀਅਰ ਉਨ੍ਹਾਂ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਕਾਰਨ ਬਰਬਾਦ ਹੋਇਆ ਹੈ।
ਹਨੀ ਨੂੰ ਈ ਡੀ ਵੱਲੋਂ ਕਥਿਤ ਤੌਰ ਤੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ ਸੀ। ਈਡੀ ਨੇ ਹਨੀ ਦੇ ਘਰ ਛਾਪਾ ਮਾਰ ਕੇ ਕਰੋੜਾਂ ਰੁਪਏ ਨਕਦ, ਲੱਖਾਂ ਰੁਪਏ ਦੀ ਇੱਕ ਵਿਦੇਸ਼ੀ ਘੜੀ ਅਤੇ ਲੱਖਾਂ ਦਾ ਸੋਨਾ ਵੀ ਬਰਾਮਦ ਕੀਤਾ ਸੀ। ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਲੈਕੇ ਦੇ ਵਿਧਾਨ ਸਭਾ ਹਲਕਿਆਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਤੱਤਕਾਲੀ ਕਾਂਗਰਸੀ ਉਮੀਦਵਾਰ ਤੇ ਉਸ ਵਕਤ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਸਮੁੱਚੀ ਕਾਂਗਰਸ ਪਾਰਟੀ ਨੂੰ ਛੱਜ ’ਚ ਪਾਕੇ ਐਨਾ ਛੱਟਿਆ ਕਿ ਚੰਨੀ ਨੂੰ ਦੋਵਾਂ ਥਾਵਾਂ ਤੋਂ ਅਤੇ ਕਾਂਗਰਸ ਨੂੰ ਪੰਜਾਬ ’ਚ ਅਣਕਿਆਸੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪੰਜਾਬ ਵਾਸੀ ਤਾਂ ਹੁਣ ਵੀ ਇਹੋ ਚਰਚਾ ਕਰਦੇ ਹਨ ਕਿ ਜੇਕਰ ਭੁਪਿੰਦਰ ਸਿੰਘ ਹਨੀ ਵਾਲਾ ਮਾਮਲਾ ਨਾਂ ਸਾਹਮਣੇ ਆਇਆ ਹੁੰਦਾ ਤਾਂ ਘੱਟੋ ਘੱਟ ਚਰਨਜੀਤ ਸਿੰਘ ਚੰਨੀ ਨਾਲ ਇੰਜ ਜੱਗੋਂ ਤੇਰ੍ਹਵੀਂ ਨਹੀਂ ਹੋਣੀ ਸੀ। ਭਾਣਜਿਆਂ ਦੀ ਹਾਲੀਆ ਕਾਰਕਰਦਗੀ ਕਾਰਨ ਆਮ ਲੋਕਾਂ ਦੀ ਜੁਬਾਨ ਤੇ ਦੰਦ ਕਥਾ ਬਣੇ ਚੰਨੀ ਅਤੇ ਵਿਜੇ ਸਿੰਗਲਾ ਦੇ ਮਾਮਲਿਆਂ ਨੇ ਭ੍ਰਿਸ਼ਟਚਾਰ ਦੇ ਨੌ ਸਾਲ ਪੁਰਾਣੇ ਕੇਸ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਵੱਢੀਖੋਰੀ ਨਾਲ ਜੁੜਿਆ ਇਹ ਮਾਮਲਾ ਮਈ 2013 ਦੌਰਾਨ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੇਲੇ ਦਾ ਹੈ ਜਦੋਂ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਤੱਤਕਾਲੀ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਭਾਣਜੇ ਵਿਜੈ ਸਿੰਗਲਾ ਨੂੰ ਰੇਲਵੇ ਬੋਰਡ ਦੇ ਇੱਕ ਮੈਂਬਰ ਕੋਲੋਂ 90 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗਿ੍ਰਫਤਾਰ ਕੀਤਾ ਸੀ।
ਬਾਂਸਲ ਦੇ ਰੇਲ ਮੰਤਰੀ ਹੁੰਦਿਆਂ ਤਰੱਕੀ ਦੇ ਕੇ ਰੇਲਵੇ ਬੋਰਡ ਦਾ ਮੈਂਬਰ (ਸਟਾਫ) ਬਣਾਏ ਮਹੇਸ਼ ਕੁਮਾਰ ਨੇ ਮੰਜੂ ਨਾਥ ਨਾਮਕ ਵਿਅਕਤੀ ਨੂੰ ਇਹ ਰਕਮ ਦੇਕੇ ਵਿਜੇ ਸਿੰਗਲਾ ਕੋਲ ਭੇਜਿਆ ਸੀ। ਇਹ ਵੀ ਤੱਥ ਉਭਰੇ ਸਨ ਕਿ ਮਹੇਸ਼ ਕੁਮਾਰ ਜ਼ਿਆਦਾ ਫਾਇਦੇਮੰਦ ਮੈਂਬਰ (ਇਲੈਕਟ੍ਰੀਕਲ) ਦੇ ਅਹੁਦੇ ਦਾ ਚਾਹਵਾਨ ਸੀ ਜਿਸ ਲਈ ਉਸ ਨੇ ਇਹ ਮੋਟੀ ਰਾਸ਼ੀ ਭੇਜੀ ਸੀ। ਮਹੇਸ਼ ਕੁਮਾਰ ਪਹਿਲਾਂ ਪੱਛਮੀ ਰੇਲਵੇ ਦਾ ਜਨਰਲ ਮੈਨੇਜਰ ਸੀ। ਉਸ ਨੂੰ ਰੇਲਵੇ ਬੋਰਡ ਦੇ ਮੈਂਬਰ ਵਜੋਂ ਤਰੱਕੀ ਮਿਲੀ ਸੀ । ਇਹ ਰੁਤਬਾ ਭਾਰਤ ਸਰਕਾਰ ਦੇ ਸਕੱਤਰ ਦੇ ਅਹੁਦੇ ਦੇ ਬਰਾਬਰ ਹੈ।
ਉਸ ਵਕਤ ਸੰਦੀਪ ਕੁਮਾਰ ਨਾਂ ਦੇ ਵਿਅਕਤੀ ਦੀ ਗ੍ਰਿਫਤਾਰੀ ਹੋਈ ਸੀ ਜਿਸ ਨੂੰ ਸੌਦਾ ਸਿਰੇ ਚਾੜ੍ਹਨ ਵਾਲਾ ਅਤੇ ਕੇਂਦਰੀ ਮੰਤਰੀ ਦੇ ਭਾਣਜੇ ਵਿਜੇ ਸਿੰਗਲਾ ਦਾ ਦੋਸਤ ਦੱਸਿਆ ਗਿਆ ਸੀ। ਰੌਚਕ ਪਹਿਲੂ ਹੈ ਕਿ ਪਵਨ ਕੁਮਾਰ ਬਾਂਸਲ ਦੀ ਕਾਂਗਰਸ ਦੇ ਰਾਜ ’ਚ ਤੂਤੀ ਬੋਲਦੀ ਹੁੰਦੀ ਸੀ ਪਰ ਭਾਣਜੇ ਕਾਰਨ ਅੰਬਰੀਂ ਚੜ੍ਹੀ ਗੁੱਡੀ ਐਸੀ ਕੱਟੀ ਗਈ ਕਿ ਬਾਂਸਲ ਮੁੜ ਸੱਤਾ ਦੀਆਂ ਪੌੜੀਆਂ ਨਾਂ ਚੜ੍ਹ ਸਕੇ। ਪਵਨ ਬਾਂਸਲ ਨੇ ਆਪਣੇ ਸਿਆਸੀ ਸਫਰ ਤੇ ਪ੍ਰਸ਼ਨ ਚਿੰਨ੍ਹ ਲੱਗਿਆ ਦੇਖ ਆਪਣੇ ਲੜਕੇ ਮੁਨੀਸ਼ ਬਾਂਸਲ ਨੂੰ ਬਰਨਾਲਾ ਹਲਕੇ ਤੋਂ ਕਾਂਗਰਸ ਦੀ ਟਿਕਟ ਦਿਵਾਈ ਸੀ ਪਰ ਪੁਰਾਣੇ ਦਾਗਾਂ ਨੇ ਉਸ ਨੂੰ ਵੀ ਸਫਲਤਾ ਨਸੀਬ ਨਾਂ ਹੋਣ ਦਿੱਤੀ।