ਆਪ ਵਰਕਰਾਂ ਦਾ ਵਫਦ ਆਜ਼ਮ ਦਾਰਾ ਦੀ ਅਗਵਾਈ ‘ਚ ਆਪ ਦੇ ਸੂਬਾ ਜਨਰਲ ਸਕੱਤਰ ਹਰਚਰਨ ਬਰਸਟ ਨੂੰ ਮਿਲਿਆ
- ਮੁੱਖ ਮੰਤਰੀ ਭਗਵੰਤ ਸਿੰਘ ਦੀ ਮਾਨ ਦੀ ਭੈਣ ਮਨਪ੍ਰੀਤ ਕੌਰ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਬਣਾਏ ਜਾਣ ਦੀ ਕੀਤੀ ਮੰਗ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 26 ਮਈ 2022 - ਮਾਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਵਰਕਰਾਂ ਦੇ ਇੱਕ ਵਫਦ ਨੇ ਅੱਜ ਪਾਰਟੀ ਦੇ ਮਾਈਨੋਰਟੀ ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਆਜ਼ਮ ਦਾਰਾ ਦੀ ਅਗਵਾਈ ਹੇਠ ਆਪ ਪਾਰਟੀ ਦੇ ਪੰਜਾਬ ਸੂਬਾ ਜਨਰਲ ਸਕੱਤਰ ਹਰਚਰਨ ਸਿੰਘ ਬਰਸਟ ਨਾਲ ਚੰਡੀਗੜ੍ਹ ਵਿਖੇ ਉਨ੍ਹਾਂ ਦੇ ਦਫਤਰ ‘ਚ ਮੁਲਾਕਾਤ ਕੀਤੀ।ਵਫਦ ਵੱਲੋਂ ਦਿੱਤੇ ਗਏ ਇੱਕ ਲਿਖਤੀ ਮੰਗ ਪੱਤਰ ‘ਚ ਮੰਗ ਕੀਤੀ ਗਈ ਕਿ ਸ.ਭਗਵੰਤ ਸਿੰਘ ਮਾਨ ਦੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਣ ਕਾਰਨ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ‘ਤੇ ਅਗਲੇ ਮਹੀਨਿਆਂ ਦੌਰਾਨ ਹੋਣ ਵਾਲੀ ਲੋਕ ਸਭਾ ਮੈਂਬਰ ਦੀ ਚੋਣ ਲਈ ਮੁੱਖ ਮੰਤਰੀ ਮਾਨ ਸਾਹਿਬ ਦੀ ਭੈਣ ਬੀਬੀ ਮਨਪ੍ਰੀਤ ਕੌਰ ਤੂਰ ਮਾਨ ਨੂੰ ਉਮੀਦਵਾਰ ਬਣਾਇਆ ਜਾਵੇ, ਕਿਉਂ ਕਿ ਆਪ ਪਾਰਟੀ ਦੇ ਬਹੁ ਗਿਣਤੀ ਸਰਗਰਮ ਤੇ ਫਾਊਂਡਰ ਮੈਂਬਰਾਂ ਦੀ ਜਿਥੇ ਇਹ ਜ਼ੋਰਦਾਰ ਮੰਗ ਹੈ ਉਥੇ ਹਲਕੇ ਦੇ ਸਾਰੇ ਪਾਰਟੀ ਵਰਕਰ ਭਗਵੰਤ ਮਾਨ ਦੀ ਜਗ੍ਹਾ ਹੁਣ ਬੀਬੀ ਮਨਪ੍ਰੀਤ ਕੌਰ ਨੂੰ ਆਪਣਾ ਐਮ.ਪੀ. ਦੇਖਣਾ ਚਾਹੁੰਦੇ ਹਨ।ਵਫਦ ਨੇ ਬਰਸਟ ਸਾਹਿਬ ਦੇ ਧਿਆਨ ‘ਚ ਲਿਆਂਦਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਭੈਣ ਮਨਪ੍ਰੀਤ ਕੌਰ ਮਾਨ ਵੱਲੋਂ ਪੂਰੇ ਲੋਕ ਸਭਾ ਹਲਕੇ ‘ਚ ਸਰਗਰਮੀ ਨਾਲ ਚੋਣ ਮੁਹਿੰਮ ਚਲਾਈ ਗਈ ਸੀ, ਜਿੰਨ੍ਹਾਂ ਦੀਆਂ ਅਣਥੱਕ ਕੋਸ਼ਿਸਾਂ ਸਦਕਾ ਆਪ ਪਾਰਟੀ ਨੇ ਜ਼ਿਲ੍ਹੇ ਦੀਆਂ ਸਮੁੱਚੀਆਂ ਸੀਟਾਂ ‘ਤੇ ਸ਼ਾਨਾਮਤੀ ਜਿੱਤਾ ਦਰਜ ਕੀਤੀਆਂ ਹਨ।
ਵਫਦ ਦੇ ਨੇਤਾ ਆਜ਼ਮ ਦਾਰਾ ਨੇ ਕਿਹਾ ਕਿ ਹਲਕਾ ਵਾਸੀਆਂ ਦੀ ਰਾਏ ਜਾਣਨ ਲਈ ਸਾਡੀ ਸਮੁੱਚੀ ਪਾਰਟੀ ਵਰਕਰਾਂ ਦੀ ਟੀਮ ਵੱਲੋਂ ਹਲਕੇ ਦੇ ਕੀਤੇ ਗਏ ਦੌਰੇ ਦੌਰਾਨ ਸਮੁੱਚੇ ਲੋਕਾਂ ਨੇ ਭੈਣ ਮਨਪ੍ਰੀਤ ਕੌਰ ਦੇ ਹੱਕ ‘ਚ ਹੀ ਉਮੀਦਵਾਰ ਵੱਜੋਂ ਅਵਾਜ਼ ਬੁਲੰਦ ਕੀਤੀ ਹੈ।ਵਫਦ ਆਗੂਆਂ ਨੇ ਪਾਰਟੀ ਨੇਤਾ ਹਰਚਰਨ ਬਰਸਟ ਨੂੰ ਪੂਰਜ਼ੋਰ ਬੇਨਤੀ ਕੀਤੀ ਕਿ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਕਰਕੇ ਸੰਗਰੂਰ ਲੋਕ ਸਭਾ ਹਲਕੇ ਤੋਂ ਬੀਬੀ ਮਨਪ੍ਰੀਤ ਕੌਰ ਨੂੰ ਉਮੀਦਵਾਰ ਬਣਾਇਆ ਜਾਵੇ ਤਾਂ ਜੋ ਇਸ ਸੀਟ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਦੇ ਹੋਏ ਇਹ ਸੀਟ ਇਤਿਹਾਸਕ ਵੋਟਾਂ ਦੀ ਲੀਡ ਨਾਲ ਜਿੱਤ ਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਪਾਈ ਜਾ ਸਕੇ ਅਤੇ ਪਾਰਲੀਮੈਂਟ ਅੰਦਰ ਸਾਡੇ ਜ਼ਿਲ੍ਹੇ ਦੀ ਅਵਾਜ਼ ਭਗਵੰਤ ਮਾਨ ਵਾਂਗ ਹੀ ਬੁਲੰਦ ਹੁੰਦੀ ਰਹੇ।
ਇਸ ਵਫਦ ‘ਚ ਆਜ਼ਮ ਦਾਰਾ ਦੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਰਦਾਰ ਮੁਹੰਮਦ ਦਾਰਾ, ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ਼ ਸ਼ਹਿਬਾਜ਼ ਰਾਣਾ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਜੱਸੂ, ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਬੋਪਾਰਾਏ, ਹਰਜੀਤ ਸਿੰਘ ਕਲਿਆਣ, ਜਗਮੋਹਨ ਸਿੰਘ ਫੌਜੇਵਾਲ ਅਤੇ ਜਗਰਾਜ਼ ਸਿੰਘ ਫੌਜੇਵਾਲ ਆਦਿ ਵੀ ਸ਼ਾਮਲ ਸਨ।