ਡੀ.ਸੀ.ਰੂਪਨਗਰ ਵੱਲੋਂ ਮਗਨਰੇਗਾ ਦੇ ਚੱਲ ਰਹੇ ਕੰਮਾ ਦਾ ਲਿਆ ਜਾਇਜ਼ਾ
- ਬਰਸਾਤਾਂ ਤੋ ਪਹਿਲਾਂ ਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਡਰੇਨੇਜ ਵਿਭਾਗ ਦੇ ਕੰਮਾਂ ਦਾ ਕੀਤਾ ਨਿਰੀਖਣ
- ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੇ ਮਗਨਰੇਗਾ ਕਾਮਿਆਂ ਤੋਂ ਲਈ ਜਾਣਕਾਰੀ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 26 ਮਈ 2022: ਬਰਸਾਤਾਂ ਤੋ ਪਹਿਲਾਂ ਸੰਭਾਵੀ ਹੜ੍ਹਾ ਦੀ ਸਥਿਤੀ ਨਾਲ ਨਜਿੱਠਣ ਲਈ ਜਿਲ੍ਹਾ ਪ੍ਰਸਾਸ਼ਨ ਵੱਲੋ ਅਗਾਓਂ ਪ੍ਰਬੰਧਾਂ ਤੇ ਨਜਰ ਰੱਖੀ ਜਾ ਰਹੀ ਹੈ। ਡਰੇਨੇਜ ਵਿਭਾਗ ਵੱਲੋਂ ਖੱਡਾਂ ਦੀ ਸਫਾਈ, ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕਰਨਾ, ਬਰਮਾ ਦੀ ਸਫਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮਗਨਰੇਗਾ ਕਾਮੇ ਲਗਾਤਾਰ ਪੂਰੀ ਮਿਹਨਤ ਨਾਲ ਲੱਗੇ ਹੋਏ ਹਨ।
ਅੱਜ ਸ੍ਰੀਮਤੀ ਪ੍ਰੀਤੀ ਯਾਦਵ ਆਈ.ਏ.ਐਸ ਡਿਪਟੀ ਕਮਿਸ਼ਨਰ ਰੂਪਨਗਰ ਨੇ ਸ੍ਰੀ ਅਨੰਦਪੁਰ ਸਾਹਿਬ ਉਪ ਮੰਡਲ ਦੇ ਵੱਖ ਵੱਖ ਪਿੰਡਾਂ, ਬਲਾਕ ਦੇ ਵੱਖ ਵੱਖ ਖੇਤਰਾਂ ਵਿਚ ਜਾ ਕੇ ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਦੇ ਕੀਤੇ ਜਾ ਰਹੇ ਪ੍ਰਬੰਧਾਂ, ਬਰਸਾਤੀ ਖੱਡਾ ਦੀ ਸਫਾਈ ਅਤੇ ਬਰਮਾ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਮੋਹੀਵਾਲ ਵਿਚ ਬਰਮਾਂ ਦੇ ਚੱਲ ਰਹੇ ਕੰਮ ਦਾ ਜਾਇਜਾ ਲਿਆ ਤੇ ਨੱਕੀਆਂ ਵਿਚ ਖੱਡ ਦੀ ਸਫਾਈ ਦੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਮਗਨਰੇਗਾ ਕਾਮਿਆਂ, ਪਿੰਡ ਵਾਸੀਆਂ ਤੇ ਸਰਪੰਚ ਗੁਰਦੀਪ ਕੌਰ, ਦਵਿੰਦਰ ਸਿੰਘ, ਸਕੱਤਰ ਨਰੇਗਾ ਕਮਲਪ੍ਰੀਤ ਤੋ ਚੱਲ ਰਹੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਕਿਹਾ ਕਿ ਬਰਸਾਤਾਂ ਤੋ ਪਹਿਲਾਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਡਿਪਟੀ ਕਮਿਸ਼ਨਰ ਨੇ ਹੜ੍ਹਾ ਦੀ ਮਾਰ ਤੋ ਪ੍ਰਭਾਵਿਤ ਹੋਣ ਵਾਲੇ ਵੱਖ ਵੱਖ ਪਿੰਡਾਂ ਦਾ ਜਾਇਜਾ ਲਿਆ ਤੇ ਬਰਸਾਤਾਂ ਤੋ ਪਹਿਲਾਂ ਸਾਰੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ ਦਿੱਤੇ। ਡਿਪਟੀ ਕਮਿਸ਼ਨਰ ਨੇ ਖੱਡ ਦੇ ਵਿੱਚ ਬਰਸਾਤੀ ਪਾਣੀ ਆਉਣ ਤੇ ਸਥਿਤੀ ਨੂੰ ਕਾਬੂ ਵਿਚ ਰੱਖਣ, ਖੱਡ ਦੇ ਦੂਸਰੇ ਪਾਸੇ ਰਹਿ ਰਹੇ ਲੋਕਾਂ ਦੇ ਜਾਨ ਮਾਲ ਤੇ ਪਸ਼ੂ ਧੰਨ ਦਾ ਰਾਖੀ, ਰਸਦ ਅਤੇ ਪਸ਼ੂਆ ਲਈ ਚਾਰਾ, ਨਿਰੰਤਰ ਉਪਲੱਬਧ ਕਰਵਾਉਣ ਲਈ ਕੀਤੇ ਪ੍ਰਬੰਧਾ ਦਾ ਵੀ ਜਾਇਜਾ ਲਿਆ।