ਸੰਤ ਅਵਤਾਰ ਸਿੰਘ ਦੀ ਬਰਸੀ ਸਮਾਗਮਾਂ ਦੌਰਾਨ ਕਵੀ ਦਰਬਾਰ ਤੇ ਢਾਡੀ ਦਰਬਾਰ ਕਰਵਾਇਆ
- ਕਵੀਆਂ ਨੇ ਵਾਤਾਵਰਣ ਬਾਰੇ ਕਵਿਤਾਵਾਂ ਸੁਣਾ ਕੇ ਹਵਾ ਤੇ ਪਾਣੀਆਂ ਵਿੱਚ ਘੁਲ ਰਹੀਆਂ ਜ਼ਹਿਰਾਂ ਤੋਂ ਸੁਚੇਤ ਕੀਤਾ
- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਆਉਣਗੇ ਸੀਚੇਵਾਲ
- ਕਵੀ ਆਪਣੀਆਂ ਕਾਵਿਕ ਉਡਾਰੀਆਂ ਨਾਲ ਲੋਕਾਂ ਦੇ ਮਨਾਂ ਨੂੰ ਟਟੋਲਦੇ ਹਨ:- ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 26 ਮਈ 2022 - ਨਿਰਮਲ ਕੁਟੀਆ ਸੀਚੇਵਾਲ ਵਿੱਚ ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਦੇ ਚੱਲ ਰਹੇ ਸਮਾਗਮਾਂ ਦੇ ਦੂਜੇ ਦਿਨ ਢਾਡੀ ਦਰਬਾਰ ਤੇ ਕਵੀ ਦਰਬਾਰ ਕਰਵਾਇਆ ਗਿਆ। ਕਵੀ ਸਾਹਿਬਾਨਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆ ਵਾਤਾਵਰਣ ਦੇ ਮੁੱਦੇ ਨੂੰ ਕੇਂਦਰ ਬਿੰਦੂ ਵਿੱਚ ਰੱਖਿਆ। ਜਿੱਥੇ ਕਵੀਆਂ ਨੇ ਕਵੀ ਦਰਬਾਰ ਦੌਰਾਨ ਆਪਣੀਆਂ ਰਚਨਾਵਾਂ ਵਿੱਚ ਵਾਤਾਵਰਨ ਦੇ ਪੱਖ ਤੋਂ ਨਿੱਘਰ ਦੇ ਜਾ ਰਹੇ ਹਲਾਤਾਂ ਨੂੰ ਬਾਖੂਬੀ ਉਭਾਰਿਆ। ਉੱਥੇ ਹੀ ਢਾਡੀਆਂ ਵੱਲੌਂ ਵੀ ਅਪਾਣੀਆ ਵਾਰਾਂ ਵਾਤਾਵਰਣ ਨੂੰ ਮੁੱਖ ਰੱਖਕੇ ਗਾਈਆਂ। 27 ਮਈ ਨੂੰ ਸ੍ਰੀਮਾਨ ਸੰਤ ਅਵਤਾਰ ਸਿੰਘ ਜੀ ਦੀ ਬਰਸੀ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਰਧਾ ਸਤਿਕਾਰ ਨਾਲ ਮਨਾਈ ਜਾਵੇਗੀ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਾਮੂਲੀਅਤ ਕਰਨਗੇ।
ਕਵੀ ਦਰਬਾਰ ਦੋਰਾਨ ਹਾਜ਼ਰ ਕਵੀਆ ਵਿੱਚ ਪ੍ਰੋ: ਰਾਮ ਮੂਰਤੀ, ਮਨਜੀਤ ਕੌਰ, ਵਿਸ਼ੇਸ਼ ਕੌਰ, ਨਿਰਭਉ ਸਿੰਘ, ਸੰਤ ਸਿੰਘ ਸੰਧੂ, ਮੁਖਤਿਆਰ ਸਿੰਘ ਚੰਦੀ, ਡਾ: ਸਤਬੀਰ ਸਿੰਘ ਸ਼ਾਨ, ਹਰਬੰਸ ਸਿੰਘ ਕਲਸੀ, ਲਾਡੀ ਭੁੱਲਰ, ਅਜੀਤ ਸਿੰਘ ਫਤਹਿਪੁਰੀ, ਡਾ: ਰੂਪ ਲਾਲ, ਡਾ: ਅਮਨਦੀਪ ਸਿੰਘ, ਗਿਆਨ ਸਿੰਘ ਮਲਸੀਅਤ, ਲਾਡੀ ਸੁਖਜਿੰਦਰ ਕੌਰ ਭੁੱਲਰ, ਮਸਟਰ ਮੁਹਿੰਦਰ ਸਿੰਘ ਅਨੇਜਾ, ਹਰਭਜਨ ਸਿੰਘ ਨਾਹਲ, ਗੁਰਮੰਦਰ ਸਿੰਘ, ਹਜ਼ਾਰਾ ਸਿੰਘ ਗਿੱਲ ਸਮੇਤ ਹੋਰ ਬਹੁਤ ਸਾਰੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਜਿੱਥੇ ਗੁਰਬਾਣੀ ਦੀ ਉਸਤਤਿ ਕੀਤੀ ਉੱਥੇ ਵਾਤਾਵਰਣ ਪੱਖ ਤੋਂ ਪੰਜਾਬ ਦੇ ਹਲਾਤਾਂ ਬਾਰੇ ਸੰਗਤਾਂ ਨੂੰ ਅਪਣੀਆਂ ਰਚਨਾਵਾਂ ਰਾਹੀ ਜਾਣੂ ਕਰਵਾਇਆ। ਹਾਜ਼ਰ ਕਵੀਆਂ ਨੇ ਵਾਤਾਵਰਣ ਬਾਰੇ ਕਵਿਤਾਵਾਂ ਸੁਣਾ ਕੇ ਹਵਾ ਤੇ ਪਾਣੀਆਂ ਵਿੱਚ ਘੁਲ ਰਹੀਆਂ ਜ਼ਹਿਰਾਂ ਤੋਂ ਸੁਚੇਤ ਕੀਤਾ। ਕਵੀਆਂ ਨੇ ਰੁੱਖਾਂ ਦੀ ਅੰਨ੍ਹੇਵਾਹ ਹੋ ਰਹੀ ਕਟਾਈ ਦਾ ਆਪਣੀਆਂ ਕਵਿਤਾਵਾਂ ਵਿੱਚ ਬਹੁਤ ਖੂਬਸੂਰਤ ਵਰਣਨ ਕੀਤਾ।
ਰਾਗੀ ਜੱਥਿਆਂ ਵਿੱਚ ਭਾਈ ਪ੍ਰੇਮ ਸਿੰਘ ਪਦਮ, ਭਾਈ ਪਰਵਿੰਦਰ ਸਿੰਘ ਲੋਹੀਆ ਖ਼ਾਸ, ਭਾਈ ਸਤਾਨਮ ਸਿੰਘ ਸਿਦਕੀ ਅਤੇ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦਾ ਜੱਥਾ ਸ਼ਾਮਿਲ ਸਨ।
ਸਮਾਗਮ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਸੰਤ ਅਵਤਾਰ ਸਿੰਘ ਜੀ ਨੇ ਆਪਣਾ ਸਾਰਾ ਜੀਵਨ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਲਈ ਲਾਇਆ। ਉਹ ਪਰਉਪਕਾਰੀ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਸਾਧੂ ਸਨ। ਉਹਨਾਂ ਕਿਹਾ ਕਿ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਗੁਰਬਾਣੀ ਨਾਲ ਜੁੜ ਕੇ ਕੁਦਰਤ ਨਾਲ ਇਕਮਿਕ ਹੋ ਕੇ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਕਵੀ ਦਰਬਾਰ ‘ਚ ਆਏ ਕਵੀਆਂ ਦਾ ਸਨਮਾਨ ਕੀਤਾ। ਉਹਨਾਂ ਦੱਸਿਆ ਕਿ ਬਰਸੀ ਸਮਾਗਮਾਂ ਦੌਰਾਨ ਕਰਵਾਏ ਜਾ ਰਹੇ ਕਵੀ ਦਰਬਾਰਾਂ ਵਿਚ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਨਾਲ ਕਵੀ ਆਪਣੀਆਂ ਰਚਨਾਵਾਂ ਨੂੰ ਵਾਤਾਵਰਣ ਨੂੰ ਕੇਂਦਰਿਤ ਕਰਕੇ ਪੇਸ਼ ਕਰ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਕਵੀ ਆਪਣੀਆਂ ਕਾਵਿਕ ਉਡਾਰੀਆਂ ਨਾਲ ਲੋਕਾਂ ਦੇ ਮਨਾਂ ਨੂੰ ਟਟੋਲਦੇ ਹਨ ਤੇ ਦਿਲ ਟੂੰਬਦੀਆਂ ਰਚਨਾਵਾਂ ਦੀ ਸਿਰਜਨਾ ਕਰਦੇ ਹਨ।
ਇਸ ਮੌਕੇ ਸੰਤ ਅਮਰੀਕ ਸਿੰਘ ਖੁਖਰੈਣ ਵਾਲੇ, ਸੰਤ ਗੁਰਮੇਜ ਸਿੰਘ ਸੈਦਰਾਣਾ ਸਾਹਿਬ ਅਤੇ ਸੰਤ ਰਣਜੀਤ ਸਿੰਘ ਸਮੇਤ ਹੋਰ ਧਾਰਮਿਕ ਸਖਸ਼ੀਅਤਾਂ ਹਾਜ਼ਰ ਸਨ। ਸਟੇਜ ਸਕੱਤਰ ਦੀ ਜੁੰਮੇਵਾਰੀ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਬਾਖੂਬੀ ਨਿਭਾਈ। ਬਰਸੀ ਨੂੰ ਸਮਰਪਿਤ ਖੇਡ ਮੇਲਾ 29 ਮਈ ਤੋਂ 02 ਜੂਨ ਤੱਕ ਸੀਚੇਵਾਲ ਵਿਖੇ ਕਰਵਾਏ ਜਾਣਗੇ ਜਿਹਨਾਂ ਵਿਚ ਕੁਸ਼ਤੀ ਮੁਕਾਬਲੇ, ਹਾਕੀ ਮੁਕਾਬਲੇ, ਕਬੱਡੀ ਮੁਕਾਬਲੇ, ਵਾਲੀਬਾਲ ਅਤੇ ਅਥਲੈਟਿਕ ਟੂਰਨਾਮੈਂਟ ਕਰਵਾਏ ਜਾਣਗੇ।