ਲੋਕਾਂ ਨੂੰ ਡੇਂਗੂ ਮਲੇਰੀਆ ਬੁਖਾਰ ਤੋਂ ਬਚਾਉਣ ਅਤੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਸਰਵੇ ਮੁਹਿੰਮ ਜਾਰੀ
ਹਰੀਸ਼ ਕਾਲੜਾ
ਰੂਪਨਗਰ,26 ਮਈ 2022: ਲੋਕਾਂ ਨੂੰ ਡੇਂਗੂ ,ਮਲੇਰੀਆ ਬੁਖਾਰ ਤੋਂ ਬਚਾਉਣ ਲਈ ਅਤੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੌਂ ਸਰਵੇ ਮੁਹਿੰਮ ਨਿਰੰਤਰ ਜਾਰੀ ਹੈ। ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਹਰਪ੍ਰੀਤ ਕੌਰ ਤੇ ਡਾ ਸੁਮੀਤ ਸ਼ਰਮਾ ਜਿਲ੍ਹਾ ਐਪੀਡੀਮੋਲੋਜਿਸਟ, ਦੀ ਅਗਵਾਈ ਅਧੀਨ ਰੂਪਨਗਰ ਸ਼ਹਿਰ ਦੇ ਸਲੱਮ ਏਰੀਆ, ਸਦਾਵਰਤ ਅਤੇ ਰੇਲਵੇ ਦਫਤਰ ਦਾ ਡੇਂਗੂ ਮਲੇਰੀਆ ਬੁਖਾਰ ਦਾ ਸਰਵੇ ਕੀਤਾ ਗਿਆ ਤੇ ਸਪਰੇਅ ਕੀਤੀ ਗਈ।
ਸਿਹਤ ਵਿਭਾਗ ਦੀ ਟੀਮ ਵੱਲੋਂ 135 ਘਰਾਂ ਦਾ ਸਰਵੇ ਕੀਤਾ ਗਿਆ ਅਤੇ 310 ਕੰਟੇਨਰ ਚੈਕ ਕੀਤੇ ਗਏ ਜਿਸ ਦੌਰਾਨ 3 ਕੰਟੇਨਰ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਜਿਸ ਨੂੰ ਮੌਕੇ ਤੇ ਹੀ ਨਸ਼ਟ ਕਰਵਾਇਆ ਗਿਆ। ਕਰਮਚਾਰੀਆਂ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਹਰ ਹਫਤੇ ਕੂਲਰਾਂ , ਟ੍ਰੇਆਂ ਅਤੇ ਗਮਲਿਆਂ ਦਾ ਪਾਣੀ ਬਦਲਿਆ ਜਾਵੇ ਅਤੇ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਤਾਂ ਜੋ ਡੇਂਗੂ ਅਤੇ ਮਲੇਰੀਏ ਦਾ ਲਾਰਵਾ ਪੈਦਾ ਨਾ ਹੋ ਸਕੇ। ਲੋਕਾਂ ਨੂੰ ਦੱਸਿਆ ਗਿਆ ਕਿ ਆਪਣੇ ਸਰੀਰ ਨੂੰ ਢੱਕ ਕੇ ਰੱਖੋ ਅਤੇ ਮੱਛਰਾਂ ਦੇ ਬਚਾਅ ਤੋਂ ਰਾਤ ਨੂੰ ਸੌਣ ਵੇਲੇ ਕਰੀਮਾਂ ਅਤੇ ਮੱਛਰਦਾਨੀ ਦੀ ਵਰਤੋਂ ਕਰੋ। ਡੇਂਗੂ ਬੁਖਾਰ ਦੇ ਬਚਾਓ ਸਬੰਧੀ ਪੋਸਟਰ ਤੇ ਪੇਫਲੇਟ ਵੰਡੇ ਗਏ।
ਇਸ ਮੌਕੇ ਹੈਲਥ ਇੰਸਪੈਕਟਰ ਰਣਜੀਤ ਸਿੰਘ, ਹੈਲਥ ਇੰਸਪੈਕਟਰ ਲਖਵੀਰ ਸਿੰਘ, ਰਾਜਿੰਦਰ ਸਿੰਘ , ਜਸਵੰਤ ਸਿੰਘ , ਸੁਖਜਿੰਦਰ ਸਿੰਘ ,ਰਵਿੰਦਰ ਸਿੰਘ , ਸੁਰਿੰਦਰ ਸਿੰਘ , ਹਰਦੀਪ ਸਿੰਘ ਅਤੇ ਦਵਿੰਦਰ ਸਿੰਘ ਇੰਸੈਕਟ ਕੁਲੈਕਟਰ ਹਾਜ਼ਰ ਸਨ।