ਹਾਦਸੇ ਵਿਚ ਗੰਭੀਰ ਜ਼ਮੀ ਹੋਏ ਗਰੀਬ ਨੌਜਵਾਨ ਨੂੰ ਇਨਸਾਫ਼ ਦਿਵਾਇਆ ਜਾਵੇਗਾ -ਕਰਨਜੀਤ ਆਹਲੀ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈਟਵਰਕ
ਸੁਲਤਾਨਪੁਰ ਲੋਧੀ , 22 ਜੂਨ 2022 ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਰਨਜੀਤ ਸਿੰਘ ਆਹਲੀ ਨੇ ਅੱਜ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਜੇਰੇ ਇਲਾਜ ਗਰੀਬ ਨੌਜਵਾਨ ਆਸ਼ੂ ਮੁਹੱਬਲੀਪੁਰ ਦਾ ਹਾਲਚਾਲ ਪੁੱਛਿਆ ਤੇ ਉਸਨੂੰ ਪੂਰਾ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ ।ਦੱਸਣਯੋਗ ਹੈ ਕਿ ਗਰੀਬ ਨੌਜਵਾਨ ਨੂੰ ਐਕਸੀਡੈੰਟ ਦੌਰਾਨ ਮਿਤੀ 2 ਜੂਨ ਨੂੰ ਗੰਭੀਰ ਰੂਪ 'ਚ ਗੋਡੇ , ਲੱਤ , ਪੈਰ ਤੇ ਹੋਰ ਥਾਵਾਂ ਤੇ ਅਨੇਕਾਂ ਗੰਭੀਰ ਸੱਟਾਂ ਲੱਗੀਆਂ ਸਨ । ਜਿਸਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ । ਯੂਥ ਆਗੂ ਕਰਨਜੀਤ ਸਿੰਘ ਆਹਲੀ ਨੇ ਦੱਸਿਆ ਕਿ 2 ਜੂਨ ਤੋਂ ਸਿਵਲ ਹਸਪਤਾਲ 'ਚ ਦਾਖਲ ਨੌਜਵਾਨ ਆਸ਼ੂ ਦੀ ਕਿਸੇ ਡਾਕਟਰ ਵੱਲੋਂ ਸੱਟਾਂ ਸਬੰਧੀ ਕੋਈ ਵੀ ਮੈਡੀਕਲ ਰਿਪੋਰਟ ਪੁਲਸ ਸਟੇਸ਼ਨ ਨਹੀਂ ਭੇਜੀ ਗਈ, ਜਿਸ ਕਾਰਨ ਉਸਦੀ ਕੋਈ ਸੁਣਵਾਈ ਨਹੀਂ ਹੋ ਰਹੀ ।
ਉਨ੍ਹਾਂ ਦੱਸਿਆ ਕਿ ਮੈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐਸ.ਐਮ.ਓ. ਰਵਿੰਦਰਪਾਲ ਸ਼ੁਭ ਨਾਲ ਫੋਨ ਤੇ ਇਸ ਸਬੰਧੀ ਗੱਲ ਕੀਤੀ ਹੈ , ਜਿਨ੍ਹਾਂ ਮੈਨੂੰ ਪੂਰਾ ਵਿਸ਼ਵਾਸ਼ ਦਿਵਾਇਆ ਹੈ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਜੇਕਰ ਕਿਸੇ ਡਾਕਟਰ ਜਾਂ ਕਰਮਚਾਰੀ ਦੀ ਕੋਈ ਗਲਤੀ ਪਾਈ ਗਈ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ ਅਤੇ ਪੀੜਤ ਮਰੀਜ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ । ਸ੍ਰੀ ਕਰਨਜੀਤ ਆਹਲੀ ਨੇ ਦੱਸਿਆ ਕਿ ਕੱਲ੍ਹ ਮਿਤੀ 22 ਜੂਨ ਨੂੰ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ ਤੇ ਅਗਰ ਕੋਈ ਕਾਰਵਾਈ ਨਾ ਹੋਈ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਵਲ ਹਸਪਤਾਲ ਮੁਹਰੇ ਧਰਨਾ ਦੇਣ ਨੂੰ ਮਜਬੂਰ ਹੋਣਗੇ । ਦੂਜੇ ਪਾਸੇ ਐਸ.ਐਮ.ਓ. ਡਾ. ਰਵਿੰਦਰਪਾਲ ਸ਼ੁਭ ਨੇ ਕਿਹਾ ਕਿ ਕਿਸੇ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ ਤੇ ਮਾਮਲੇ ਦੀ ਨਿਰਪੱਖ ਪੜਤਾਲ ਕਰਕੇ ਨੌਜਵਾਨ ਨੂੰ ਇਨਸਾਫ਼ ਦਿਵਾਇਆ ਜਾਵੇਗਾ ।