ਲੋਕ ਚੇਤਨਾ ਮੰਚ ਵੱਲੋਂ ਕੇਂਦਰ ਸਰਕਾਰ ਵੱਲੋਂ ਠੇਕੇ ਉੱਪਰ ਫੌਜ ਦੀਆਂ ਤਿੰਨਾਂ ਸ਼ਾਖਾਵਾਂ ਵਿੱਚ ਭਰਤੀ 'ਅਗਨੀਪਥ' ਯੋਜਨਾ ਦੀ ਸਖ਼ਤ ਨਿਖੇਧੀ
ਦਲਜੀਤ ਕੌਰ ਭਵਾਨੀਗੜ੍ਹ ,ਬਾਬੂਸ਼ਾਹੀ ਨੈਟਵਰਕ
ਲਹਿਰਾਗਾਗਾ, 22 ਜੂਨ, 2022: ਕੇਂਦਰ ਸਰਕਾਰ ਵੱਲੋਂ ਠੇਕੇ ਉੱਪਰ ਫੌਜ ਦੀਆਂ ਤਿੰਨਾਂ ਸ਼ਾਖਾਵਾਂ ਵਿੱਚ ਭਰਤੀ ਦੀ 'ਅਗਨੀਪਥ' ਯੋਜਨਾ ਦੀ ਲੋਕ ਚੇਤਨਾ ਮੰਚ, ਲਹਿਰਾਗਾਗਾ ਨੇ ਸਖ਼ਤ ਨਿੰਦਾ ਕੀਤੀ ਹੈ। ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਸਕੱਤਰ ਹਰਭਗਵਾਨ ਗੁਰਨੇ, ਨਾਮਦੇਵ ਭੁਟਾਲ ਅਤੇ ਜਗਦੀਸ਼ ਪਾਪੜਾ ਨੇ ਕਿਹਾ ਕਿ ਇਹ ਪਹਿਲਾਂ ਹੀ ਬੇਰੁਜ਼ਗਾਰੀ ਨਾਲ਼ ਝੰਬੀ ਨੌਜਵਾਨੀ ਨਾਲ਼ ਖਿਲਵਾੜ ਹੈ, ਅਸੀਂ ਮੰਗ ਕਰਦੇ ਹਾਂ ਕਿ ਸਰਕਾਰ ਹਰ ਨਾਗਰਿਕ ਨੂੰ ਪੱਕਾ ਰੁਜ਼ਗਾਰ ਮੁਹੱਇਆ ਕਰਾਵੇ। ਉਨ੍ਹਾਂ ਕਿਹਾ ਇਸ ਪਿੱਛੇ ਸੰਘ ਦੇ ਛੁਪੇ ਏਜੰਡੇ ਦੀ ਸੰਭਾਵਨਾ ਵੀ ਰੱਦ ਨਹੀਂ ਕੀਤੀ ਜਾ ਸਕਦੀ।
ਆਗੂਆਂ ਨੇ ਕਿਹਾ ਕਿ ਜਿੱਥੇ ਸਾਰਾ ਮਿਹਨਤਕਸ਼ ਵਰਗ ਅੱਜ ਵਧ ਰਹੀ ਮਹਿੰਗਾਈ, ਗਰੀਬੀ ਤੇ ਨਿੱਜੀਕਰਨ ਕਾਰਨ ਤੰਗ ਹੈ ਉੱਥੇ ਮੁਲਕ ਦਾ ਨੌਜਵਾਨ ਤਬਕਾ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਮੋਦੀ ਸਰਕਾਰ ਅਧੀਨ ਇਸ ਬੇਰੁਜ਼ਗਾਰੀ ਨੇ ਪਿਛਲੇ 45 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਤੇ ਇਸ ਬੇਰੁਜ਼ਗਾਰੀ ਤੋਂ ਤੰਗ ਹੋਕੇ ਹਰ ਹਾਲ ਹਜ਼ਾਰਾਂ ਨੌਜਾਵਨ ਖੁਦਕੁਸ਼ੀ ਕਰਦੇ ਹਨ। ਪੱਕਾ ਰੁਜ਼ਗਾਰ ਦੇਣ ਦੀ ਥਾਂ ਇਸ ਯੋਜਨਾ ਰਾਹੀਂ ਮੋਦੀ ਸਰਕਾਰ ਨੇ ਨੌਜਵਾਨਾਂ ਨਾਲ਼ ਕੋਝਾ ਮਜ਼ਾਕ ਕੀਤਾ ਹੈ। ਮੁਲਕ ਦੇ ਵੱਖ ਵੱਖ ਹਿੱਸਿਆਂ ਵਿੱਚ ਨੌਜਵਾਨ ਸੜਕਾਂ ਉੱਪਰ ਉੱਤਰੇ ਹਨ ਤੇ ਕਈ ਥਾਂ ਉਹਨਾਂ ਦੇ ਰੋਸ ਵਿਖਾਵੇ ਹਿੰਸਕ ਵੀ ਹੋਏ ਹਨ। ਇਹ ਬੇਰੁਜ਼ਗਾਰੀ ਤੋਂ ਅੱਕੇ ਨੌਜਵਾਨਾਂ ਦੇ ਜਾਇਜ਼ ਗੁੱਸੇ ਦਾ ਇਜ਼ਹਾਰ ਹੈ।
ਨੌਜਵਾਨਾਂ ਦੀ ਸਭ ਤੋਂ ਵੱਡੀ ਦਿੱਕਤ ਠੇਕਾ ਭਰਤੀ ਹੈ ਤੇ 4 ਸਾਲ ਤੋਂ ਬਾਅਦ ਉਹ ਫੇਰ ਬੇਰੁਜ਼ਗਾਰ ਹੋ ਜਾਣਗੇ। ਇਸਤੋਂ ਬਾਅਦ ਮੁੜ ਅਗਲੀ ਪੜ੍ਹਾਈ ਸ਼ੁਰੂ ਕਰਨਾ, ਜਾਂ ਕਿਸੇ ਹੋਰ ਖੇਤਰ ਚ ਰੁਜ਼ਗਾਰ ਹਾਸਲ ਕਰਨਾ ਬਹੁਤ ਔਖਾ ਹੋਵੇਗਾ। ਇਸ ਯੋਜਨਾ ਨੂੰ ਸ਼ੁਰੂ ਕਰਦੇ ਹੋਏ ਪਿਛਲੇ ਦੋ ਸਾਲਾਂ ਤੋਂ ਲਟਕ ਰਹੀਆਂ ਸਭ ਫੌਜੀ ਭਰਤੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਹਜ਼ਾਰਾਂ ਨੌਜਵਾਨ ਇਹਨਾਂ ਭਰਤੀਆਂ ਲਈ ਸਰੀਰਕ ਪ੍ਰੀਖਿਆਵਾਂ ਪਾਸ ਕਰ ਚੁੱਕੇ ਹਨ ਤੇ ਲਿਖਤੀ ਪ੍ਰੀਖਿਆ ਉਡੀਕ ਰਹੇ ਹਨ। ਇਸ ਨਵੀਂ ਯੋਜਨਾ ਅਧੀਨ ਨੌਜਵਾਨਾਂ ਦਾ ਕਾਫ਼ੀ ਵੱਡਾ ਹਿੱਸਾ ਭਰਤੀ ਦੀ ਉਮਰ ਟੱਪ ਚੁੱਕਾ ਹੈ। ਇਹਨਾਂ ਕਾਰਨਾਂ ਕਰਕੇ ਨੌਜਵਾਨਾਂ ਵਿੱਚ ਇਸ ਯੋਜਨਾ ਖਿਲਾਫ਼ ਰੋਸ ਬਹੁਤ ਤਿੱਖਾ ਹੈ।
ਮੰਚ ਨੇ ਮੰਗ ਕੀਤੀ ਹੈ ਕਿ ਠੇਕਾ ਅਧਾਰਿਤ ਭਰਤੀ ਦੀ ਯੋਜਨਾ ਤੁਰੰਤ ਰੱਦ ਕੀਤੀ ਜਾਵੇ ਅਤੇ ਸਭ ਨੌਜਵਾਨਾਂ ਲਈ ਵੱਖ ਵੱਖ ਖੇਤਰਾਂ ਵਿੱਚ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਗਰੰਟੀ ਲਵੇ। ਜਿੰਨਾ ਚਿਰ ਸਰਕਾਰ ਰੁਜ਼ਗਾਰ ਨਹੀਂ ਦਿੰਦੀ ਓਨਾ ਚਿਰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ।