ਸੰਗਰੂਰ : ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ ਦਾ ਸੱਦਾ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਸੰਗਰੂਰ, 22 ਜੂਨ, 2022: ਅੱਜ ਗਦਰ ਮੈਮੋਰੀਅਲ ਭਵਨ ਵਿਖੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ। ਜਿਸ ਵਿੱਚ ਸੰਗਰੂਰ ਸੀਟ ਤੇ ਹੋ ਰਹੀ ਚੋਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁਕੇਸ਼ ਮਲੌਦ, ਭੁਪਿੰਦਰ ਸਿੰਘ ਲੌਂਗੋਵਾਲ ਅਤੇ ਰੁਪਿੰਦਰ ਸਿੰਘ ਚੌਂਦਾ ਨੇ ਕਿਹਾ ਕੇ ਚੋਣਾਂ ਲੜ ਰਹੇ ਕਿਸੇ ਵੀ ਪਾਰਟੀ ਕੋਲ ਲੋਕਾਂ ਦੀ ਭਲਾਈ ਲਈ ਕੋਈ ਪ੍ਰੋਗਰਾਮ ਨਹੀਂ ਹੈ। ਹਾਕਮ ਜਮਾਤੀ ਪਾਰਟੀਆਂ ਖੇਤੀ ਮਾਡਲ ਦੀ ਹਮੇਸ਼ਾਂ ਗੱਲ ਕਰਦੀਆਂ ਰਹੀਆਂ ਹਨ ਪ੍ਰੰਤੂ ਹੰਢਣਸਾਰ ਹਕੀਕੀ ਖੇਤੀ ਮਾਡਲ ਤੋਂ ਹਮੇਸ਼ਾਂ ਭੱਜਦੀਆਂ ਰਹੀਆਂ ਹਨ। ਪੰਜਾਬ ਸਰਕਾਰ ਇਕ ਪਾਸੇ ਪਾਣੀ ਬਚਾਉਣ ਦੀ ਗੱਲ ਕਰ ਰਹੀ ਹੈ ਪ੍ਰੰਤੂ ਦੂਸਰੇ ਪਾਸੇ ਪੰਜਾਬ ਦੀਆਂ ਨਹਿਰਾਂ ਖਾਲੀ ਹਨ। ਝੋਨੇ ਅਤੇ ਕਣਕ ਤੋਂ ਬਿਨਾਂ ਕਿਸੇ ਹੋਰ ਫ਼ਸਲਾਂ ਤੇ ਐੱਮ ਐੱਸ ਪੀ ਨਹੀਂ ਦੇ ਰਹੀ। ਮੂੰਗੀ ਤੇ ਐੱਮ ਐੱਸ ਪੀ ਦੀਆਂ ਗੱਲਾਂ ਸਿਰਫ਼ ਥੋਥੀਆਂ ਹੀ ਸਾਬਤ ਹੋਈਆਂ ਹਨ। ਵਿਦੇਸ਼ੀ ਕੰਪਨੀਆਂ ਨੇ ਬੀਜਾਂ ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਉਹ ਉਹੀ ਬੀਜ ਦੇ ਰਹੇ ਹਨ ਜਿਹੜੇ ਜ਼ਹਿਰਾਂ ਨਾਲ ਵੱਡੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜ਼ਮੀਨ ਦੀ ਕਾਣੀ ਵੰਡ ਹੈ ਤੇ ਜ਼ਮੀਨ ਦੀ ਮੁੜ ਵੰਡ ਦੀ ਕਿਸੇ ਪਾਰਟੀ ਦੇ ਪ੍ਰੋਗਰਾਮ ਵਿੱਚ ਕੋਈ ਗੱਲ ਨਹੀਂ ਹੈ। ਪੰਜਾਬ ਵਿੱਚ ਜਾਤੀ ਵਿਤਕਰਾ ਉਸੇ ਤਰ੍ਹਾਂ ਜਾਰੀ ਹੈ। ਪੰਜਾਬ ਵਿੱਚ ਬੇਰੁਜ਼ਗਾਰੀ ਵੱਡੀ ਪੱਧਰ ਤੇ ਹੈੈ। ਭਗਵੰਤ ਮਾਨ ਦਾ ਹਰਾ ਪੈੱਨ ਅਜੇ ਤੱਕ ਬੇਰੁਜ਼ਗਾਰਾਂ ਲਈ ਨਹੀਂ ਚੱਲਿਆ। ਪੰਜਾਬ ਵਿੱਚ ਹਜ਼ਾਰਾਂ ਪੜ੍ਹੇ ਲਿਖੇ ਕੱਚੇ ਵਰਕਰ ਮਿਨੀਮਮ ਵੇਜ਼ ਤੇ ਕੰਮ ਕਰ ਰਹੇ ਹਨ। ਸਿੱਖਿਆ ਦਾ ਨਿੱਜੀਕਰਨ ਅਤੇ ਭਗਵਾਂਕਰਨ ਹੋ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਜਿਸ ਤੇ ਪੰਜਾਬ ਦਾ ਹੱਕ ਹੈ ਉਸ ਨੂੰ ਕੇਂਦਰ ਆਪਣੇ ਹੱਥ ਵਿੱਚ ਲੈ ਰਹੀ ਹੈ। ਸਿਹਤ ਸਹੂਲਤਾਂ ਦੀ ਹਾਲਤ ਬਹੁਤ ਮਾੜੀ ਹੈ। ਗ਼ਰੀਬ ਲੋਕ ਆਪਣਾ ਇਲਾਜ ਵੀ ਨਹੀਂ ਕਰਵਾ ਸਕਦੇ। ਆਪ ਦੀ ਸਰਕਾਰ ਵੱਲੋਂ ਮੁਹੱਲਾ ਕਲੀਨਿਕ ਕੇਵਲ ਇਕ ਡਰਾਮਾ ਹੀ ਹੈ ਜਦਕਿ ਬੁਨਿਆਦੀ ਸਿਹਤ ਸਹੂਲਤ ਨੂੰ ਖਤਮ ਕੀਤਾ ਜਾ ਰਿਹਾ ਹੈ। ਹਰੇਕ ਸਰਕਾਰ ਕੁਰੱਪਸ਼ਨ ਦੇ ਨਾਂ ਹੇਠਾਂ ਡਰਾਮਾ ਕਰਦੀ ਹੈ ਪ੍ਰੰਤੂ ਜਦੋਂ ਪ੍ਰਬੰਧ ਹੀ ਕਰੱਪਟ ਹੈ ਤਾਂ ਫਿਰ ਇਹ ਕਰੱਪਸ਼ਨ ਕਿਵੇ ਬੰਦ ਹੋ ਸਕਦੀ ਹੈ? ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਇਸ ਪ੍ਰਬੰਧ ਦੀ ਤਬਦੀਲੀ ਹੈ ਤੇ ਜੋ ਸੰਘਰਸ਼ਾਂ ਦੇ ਰਾਹੀਂ ਹੀ ਹੋ ਸਕਦੀ ਹੈ।
ਆਗੂਆਂ ਨੇ ਸੰਗਰੂਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਚੋਣ ਲੜ ਰਹੀਆਂ ਪਾਰਟੀਆਂ ਨੂੰ ਕਿਸੇ ਨੂੰ ਮੂੰਹ ਨਾ ਲਾਓ ਅਤੇ ਸਿਰਫ਼ ਸੰਘਰਸ਼ਾਂ ਤੇ ਟੇਕ ਰੱਖੋ। ਜੇਕਰ ਫਿਰ ਵੀ ਤੁਸੀਂ ਬੂਥ ਤੱਕ ਜਾਣਾ ਚਾਹੁੰਦੇ ਹੋ ਤਾਂ ਨੋਟਾ ਦਾ ਬਟਨ ਦਬਾਓ।