ਸੰਕਟ ਵਿਚ ਠਾਕਰੇ ਸਰਕਾਰ : ਅਸਤੀਫੇ ਦੀ ਸੰਭਾਵਨਾ ਤੋਂ ਪਹਿਲਾਂ ਹੀ ਊਧਵ ਕੋਰੋਨਾ ਪਾਜ਼ੀਟਿਵ
ਮੁੰਬਈ, 22 ਜੂਨ 2022 : ਮਹਾਰਾਸ਼ਟਰ 'ਚ ਸਿਆਸੀ ਉਥਲ-ਪੁਥਲ ਦਰਮਿਆਨ ਕਾਂਗਰਸ ਨੇਤਾ ਕਮਲਨਾਥ ਮੁੱਖ ਮੰਤਰੀ ਊਧਵ ਠਾਕਰੇ ਨਾਲ ਮੁਲਾਕਾਤ ਨਹੀਂ ਕਰ ਸਕੇ। ਕਮਲਨਾਥ ਊਧਵ ਨੂੰ ਮਿਲਣ ਤੋਂ ਪਹਿਲਾਂ ਕਾਂਗਰਸ ਵਿਧਾਇਕ ਦਲ ਦੀ ਬੈਠਕ 'ਚ ਪਹੁੰਚੇ। ਉੱਥੋਂ ਰਵਾਨਾ ਹੁੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਊਧਵ ਠਾਕਰੇ ਕੋਰੋਨਾ ਪਾਜ਼ੀਟਿਵ ਹਨ, ਇਸ ਲਈ ਹੁਣ ਉਹ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ ਅਤੇ ਹੁਣ ਉਹ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੂੰ ਮਿਲਣ ਜਾ ਰਹੇ ਹਨ। ਇਸ ਦੇ ਨਾਲ ਹੀ ਮਹਾਰਾਸ਼ਟਰ ਕੈਬਨਿਟ ਦੀ ਬੈਠਕ ਵਰਚੁਅਲ ਤਰੀਕੇ ਨਾਲ ਸ਼ੁਰੂ ਹੋ ਗਈ ਹੈ।
ਸੂਤਰਾਂ ਮੁਤਾਬਕ ਬਹੁਮਤ ਨਾ ਮਿਲਣ 'ਤੇ ਊਧਵ ਅਸਤੀਫਾ ਦੇ ਸਕਦੇ ਹਨ। ਸਿਆਸੀ ਉਥਲ-ਪੁਥਲ ਦਰਮਿਆਨ ਮੁੱਖ ਮੰਤਰੀ ਊਧਵ ਦੇ ਪੁੱਤਰ ਆਦਿਤਿਆ ਠਾਕਰੇ ਨੇ ਆਪਣੇ ਟਵਿੱਟਰ ਬਾਇਓ ਤੋਂ ਮੰਤਰੀ ਦਾ ਅਹੁਦਾ ਹਟਾ ਦਿੱਤਾ ਹੈ। ਆਦਿਤਿਆ ਠਾਕਰੇ ਮਹਾਰਾਸ਼ਟਰ ਸਰਕਾਰ ਵਿੱਚ ਸੈਰ-ਸਪਾਟਾ ਅਤੇ ਵਾਤਾਵਰਣ ਮੰਤਰੀ ਹਨ।