ਫ਼ਾਜ਼ਿਲਕਾ 'ਚ ਬਿਸ਼ਨੋਈ ਗੈਂਗ ਵੱਲੋਂ ਮੰਗੀ ਗਈ ਦੋ ਦੁਕਾਨਦਾਰਾਂ ਤੋਂ ਦੋ-ਦੋ ਲੱਖ ਰੁਪਏ ਦੀ ਫਿਰੌਤੀ, ਨਾ ਦੇਣ 'ਤੇ ਦਿੱਤੀ ਜਾਨੋ ਮਾਰਨ ਦੀ ਧਮਕੀ
ਇੰਦਰਜੀਤ ਸਿੰਘ
- ਵੱਖ ਵੱਖ ਨੰਬਰਾਂ ਤੋਂ ਵ੍ਹੱਟਸਐਪ ਕਾਲ ਰਾਹੀਂ ਕੀਤੀ ਗਈ ਫਿਰੌਤੀ ਦੀ ਡਿਮਾਂਡ
- ਥਾਣਾ ਸਿਟੀ ਪੁਲਸ ਵਲੋਂ ਦੁਕਾਨਦਾਰਾਂ ਦੇ ਬਿਆਨ ਦਰਜ ਕਰਕੇ ਕੀਤੀ ਮਾਮਲੇ ਦੀ ਕਾਰਵਾਈ ਸ਼ੁਰੂ
ਫਾਜ਼ਿਲਕਾ, 22 ਜੂਨ 2022 - ਦੱਸ ਦੇਈਏ ਕਿ ਪੰਜਾਬ ਵਿੱਚ ਹੋਏ ਸਿੱਧੂ ਮੂਸੇਵਾਲਾ ਹੱਤਿਆਕਾਂਡ ਤੋਂ ਬਾਅਦ ਵੱਖ ਵੱਖ ਸ਼ਹਿਰਾਂ ਵਿਚ ਜਿਥੇ ਵਪਾਰੀਆਂ ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਫੋਨ ਕਾਲ ਰਾਹੀਂ ਫਿਰੌਤੀ ਮੰਗ ਕੇ ਲੱਖਾਂ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਹੈ, ਉਸੇ ਤਰ੍ਹਾਂ ਦਾ ਹੀ ਮਾਮਲਾ ਫ਼ਾਜ਼ਿਲਕਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਕਿ ਦੋ ਵੱਖ ਵੱਖ ਦੁਕਾਨਦਾਰਾਂ ਨੂੰ ਕੁਝ ਵਿਅਕਤੀਆਂ ਵੱਲੋਂ ਵ੍ਹੱਟਸਐਪ ਕਾਲ ਰਾਹੀਂ ਬਿਸ਼ਨੋਈ ਗੈਂਗ ਦਾ ਨਾਮ ਲੈ ਕੇ ਦੋ ਦੋ ਲੱਖ ਰੁਪਏ ਦੀ ਫਿਰੌਤੀ ਦੀ ਡਿਮਾਂਡ ਕੀਤੀ ਗਈ ਹੈ ਅਤੇ ਫਿਰੌਤੀ ਦੀ ਡਿਮਾਂਡ ਕਰਨ ਵਾਲੇ ਵਿਅਕਤੀ ਵੱਲੋਂ ਫਿਰੌਤੀ ਨਾ ਦੇਣ ਦੀ ਸੂਰਤ ਚ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ।
ਜਿਸ ਸਬੰਧੀ ਪੀੜਤ ਦੁਕਾਨਦਾਰਾਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਪੁਲੀਸ ਨੂੰ ਦਰਜ ਕਰਵਾਈ ਗਈ ਹੈ ਜਿਸ ਤੋਂ ਬਾਅਦ ਥਾਣਾ ਸਿਟੀ ਪੁਲੀਸ ਵੱਲੋਂ ਇਸ ਮਾਮਲੇ ਵਿਚ ਆਈਆਂ ਫੋਨ ਕਾਲਾਂ ਦੀ ਡਿਟੇਲ ਹਾਸਲ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।
ਇਸ ਸਾਰੇ ਮਾਮਲੇ ਸਬੰਧੀ ਥਾਣਾ ਸਿਟੀ ਪੁਲੀਸ ਦੇ ਐਸਐਚਓ ਸਚਿਨ ਕੁਮਾਰ ਨੇ ਦੱਸਿਆ ਕਿ ਥਾਣਾ ਸਿਟੀ ਪੁਲੀਸ ਨੂੰ ਜਤਿਨ ਕੁਮਾਰ ਅਤੇ ਸਾਹਿਲ ਕੰਬੋਜ ਨਾਮ ਦੇ ਵਿਅਕਤੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਉਨ੍ਹਾਂ ਨੂੰ ਵ੍ਹੱਟਸਐਪ ਕਾਲ ਅਤੇ ਵੱਖ ਵੱਖ ਫੋਨ ਕਾਲਾਂ ਰਾਹੀਂ ਬਿਸ਼ਨੋਈ ਗੈਂਗ ਦੇ ਵੱਲੋਂ ਦੋ ਦੋ ਲੱਖ ਰੁਪਏ ਫਿਰੌਤੀ ਦੇਣ ਦੀ ਡਿਮਾਂਡ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਤਿਨ ਕੁਮਾਰ ਜੋ ਕਰਿਆਨੇ ਦੀ ਦੁਕਾਨ ਦਾ ਮਾਲਕ ਹੈ ਅਤੇ ਸਾਹਿਲ ਕੰਬੋਜ ਵ੍ਹੀਕਲਾਂ ਤੇ ਨੰਬਰ ਪਲੇਟਾਂ ਲਗਾਉਣ ਦਾ ਕੰਮ ਕਰਦਾ ਹੈ ਜਿਨ੍ਹਾਂ ਨੂੰ ਕੁਝ ਵਿਅਕਤੀਆਂ ਵੱਲੋਂ ਫੋਨ ਕਾਲ ਕਰਕੇ ਫਿਰੌਤੀ ਦੀ ਡਿਮਾਂਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਦੋ ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਦੀ ਸੁਰੱਖਿਆ ਦੇ ਲਈ ਪੀਸੀਆਰ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿਅਕਤੀਆਂ ਨੂੰ ਆਈਆਂ ਵ੍ਹੱਟਸਐਪ ਕਾਲਾਂ ਦੀ ਤਕਨੀਕੀ ਮਾਹਿਰਾਂ ਤੋਂ ਕਾਲ ਡਿਟੇਲ ਲਈ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।