ਸਿੱਧੂ ਮੂਸੇਵਾਲਾ ਦੇ ਕਤਲ ਵਿਚ ਕਿਹੜੇ ਹਥਿਆਰ ਵਰਤੇ ਸੀ, ਪੰਜਾਬ ਪੁਲਿਸ ਕਿੰਨੀ ਕਾਮਯਾਬ, ਸੁਣੋ ਦਿੱਲੀ ਪੁਲਿਸ ਕਮਿਸ਼ਨਰ ਦਾ ਜਵਾਬ
ਨਵੀਂ ਦਿੱਲੀ, 22 ਜੂਨ, 2022: ਦਿੱਲੀ ਪੁਲਿਸ ਦੇ ਕਮਿਸ਼ਨਰ ਐਚ ਪੀ ਐਸ ਧਾਲੀਵਾਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਜੋ ਹਥਿਆਰ ਵਰਤੇ ਗਏ, ਉਹ ਏ ਕੇ ਸੀਰੀਜ਼ ਦੇ ਸਨ। ਉਹ ਏ ਕੇ 47 ਸੀ ਜਾਂ 94 ਸੀ, ਇਹ ਗੱਲ ਫੋਰੈਂਸਿੰਗ ਜਾਂਚ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਜਾਂ ਤਾਂ ਚੱਲੀਆਂ ਗੋਲੀਆਂ ਦੀ ਜਾਂਚ ਹੋਵੇ ਜਾਂ ਫਿਰ ਹਥਿਆਰ ਫੜੇ ਜਾਣ, ਉਹਨਾਂ ਦੀ ਜਾਂਚ ਹੋਵੇ, ਇਸ ਤੋਂ ਇਹ ਸਪਸ਼ਟ ਹੋ ਸਕਦਾ ਹੈ।
ਉਹਨਾਂ ਦੱਸਿਆ ਕਿ ਜੋ ਦੋਸ਼ੀ ਫੜੇ ਗਏ ਹਨ, ਉਹਨਾਂ ਕੋਲੋਂ 315 ਬੋਰ ਬੰਦੂਕ, ਗ੍ਰਨੇਡ ਵੱਡੀ ਪੱਧਰ ਦੇ ਸੀ ਅਤੇ ਨਾਲ ਹੀ ਗ੍ਰਨੇਡ ਲਾਂਚਰ ਵੀ ਸੀ। ਉਹਨਾਂ ਕਿਹਾ ਕਿ ਇਹ ਮੰਨਿਆ ਜਾ ਸਕਦਾ ਹੈ ਕਿ ਹਮਲਾਵਰ ਪੂਰੀ ਤਿਆਰੀ ਨਾਲ ਆਏ ਸਨ ਕਿ ਅੱਜ ਮੂਸੇਵਾਲਾ ਨੁੰ ਮਾਰਨਾ ਹੀ ਮਾਰਨਾ ਹੈ।
ਪੰਜਾਬ ਵਿਚ ਗੈਂਗਸਟਰਵਾਦ ਬਾਰੇ ਸਵਾਲ ਦੇ ਜਵਾਬ ਵਿਚ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਪੰਜਾਬ ਵਿਚ ਗੈਂਗਸਟਰਵਾਦ ਸਿਖਰ ਵੱਲ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਇਕ ਬਹੁਤ ਕਾਮਯਾਬ ਫੋਰਸ ਹੈ। ਉਹਨਾਂ ਕਿਹਾ ਕਿ ਇਹ ਕਹਿਣਾ ਕਿ ਬਿਲਕੁਲ ਹੀ ਬੇੜਾ ਗਰਕ ਹੋ ਜਾਵੇਗਾ, ਠੀਕ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਕਈ ਮਾਮਲਿਆਂ ਵਿਚ ਹੋ ਸਕਦਾ ਹੈ ਕਿ ਪੰਜਾਬ ਪੁਲਿਸ ਪਿੱਛੇ ਰਹਿ ਗਈ ਹੋਵੇ ਪਰ ਪੰਜਾਬ ਪੁਲਿਸ ਬਹੁਤ ਕਾਮਯਾਬ ਪੁਲਿਸ ਫੋਰਸ ਹੈ।
ਉਹਨਾਂ ਕਿਹਾ ਕਿ ਹਰ ਵੱਡਾ ਕ੍ਰਾਈਮ ਹਰ ਲਾਅ ਐਨਫੋਰਸਮੈਂਟ ਏਜੰਸੀ ਲਈ ਚੁਣੌਤੀ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਪੰਜਾਬ ਪੁਲਿਸ ਪਿੱਛੇ ਰਹਿ ਗਈ।