ਸਿੱਧੂ ਮੂਸੇਵਾਲਾ ਤੇ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਕੀ ਹੈ ਸੰਬੰਧ, ਪੜ੍ਹੋ ਦਿੱਲੀ ਪੁਲਿਸ ਕਮਿਸ਼ਨਰ ਦਾ ਜਵਾਬ
ਨਵੀਂ ਦਿੱਲੀ, 22 ਜੂਨ, 2022: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਕਮਿਸ਼ਨਰ ਪੁਲਿਸ ਐਚ ਪੀ ਐਸ ਧਾਲੀਵਾਲ ਨੇ ਖੁਲ੍ਹਾਸਾ ਕੀਤਾ ਹੈ ਕਿ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਜਿਹੜੇ ਕਾਤਲ ਸ਼ਾਮਲ ਸਨ, ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਨੇ ਉਹਨਾਂ ਨੂੰ ਨਾ ਸਿਰਫ ਠਹਿਰਣ ਵਾਸਤੇ ਥਾਂ ਮੁਹੱਈਆ ਕਰਵਾਈ ਬਲਕਿ ਉਹਨਾਂ ਨੁੰ ਇਹ ਵੀ ਦੱਸਿਆ ਕਿ ਕਿਵੇਂ ਨਿਸ਼ਾਨਾ ਲਾਉਣਾ ਹੈ। ਇਹ ਪ੍ਰਗਟਾਵਾ ਉਹਨਾਂ ਨਿਊਜ਼ 18 ਨਾਲ ਹੋਈ ਇੰਟਰਵਿਊ ਵਿਚ ਕੀਤਾ ਹੈ। ਇਸ ਤਰੀਕੇ ਇਹ ਪੁਲਿਸ ਜਾਂਚ ਵਿਚ ਪਹਿਲੀ ਵਾਰ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਦੇ ਮੈਨੇਜਰ ਦਾ ਵਿੱਕੀ ਮਿੱਡੂਖੇੜਾ ਦੇ ਕਤਲ ਨਾਲ ਸਿੱਧਾ ਸੰਬੰਧ ਹੈ। ਇਥੇ ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ 'ਤੇ ਇਹ ਦੋਸ਼ ਲੱਗ ਰਹੇ ਸਨ ਕਿ ਉਸਨੇ ਆਪਣੇ ਮੈਨੇਜਰ ਸ਼ਗਨਪ੍ਰੀਤ ਨੁੰ ਆਸਟਰੇਲੀਆ ਭੱਜਣ ਵਿਚ ਮਦਦ ਕੀਤੀ ਸੀ। ਹਾਲਾਂਕਿ ਇਸਦੀ ਅਧਿਕਾਰ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੋ ਸਕੀ।