ਨਵਜੋਤ ਸਾਹਿਤ ਸੰਸਥਾ ਔਡ਼ ਵਲੋਂ ਬਿੰਦਰ ਮੱਲ੍ਹਾ ਬੇਦੀਆਂ ਦਾ ਸਨਮਾਨ
ਬਾਬੂਸ਼ਾਹੀ ਨੈਟਵਰਕ
ਔਡ਼, 23 ਜੂਨ ,2022
ਨਵਜੋਤ ਸਾਹਿਤ ਸੰਸਥਾ (ਰਜਿ.) ਔਡ਼ ਵਲੋਂ ‘ਲੇਖਕ ਦੇ ਵਿਹਡ਼ੇ’ ਪ੍ਰੋਗਰਾਮਾਂ ਦੀ ਲਡ਼ੀ ਤਹਿਤ ਬਿੰਦਰ ਮੱਲ੍ਹਾ ਬੇਦੀਆਂ ਦਾ ਸਨਮਾਨ ਕੀਤਾ ਗਿਆ। ਇਹ ਰਸਮ ਸੰਸਥਾ ਦੇ ਬੈਨਰ ਹੇਠ ਉਹਨਾਂ ਦੇ ਜੱਦੀ ਪਿੰਡ ਮੱਲ੍ਹਾ ਬੇਦੀਆਂ ਵਿਖੇ ਨਿਭਾਈ ਗਈ। ਇਹ ਰਸਮ ਨਿਭਾਉਂਦਿਆਂ ਸੰਸਥਾ ਦੇ ਪ੍ਰਧਾਨ ਸਤਪਾਲ ਸਾਹਲੋਂ ਅਤੇ ਸਕੱਤਰ ਸੁਰਜੀਤ ਮਜਾਰੀ ਨੇ ਕਿਹਾ ਕਿ ਉਕਤ ਸੰਸਥਾ ਨੇ ਪੇਂਡੂ ਖਿੱਤੇ ’ਚ ਸਾਹਿਤਕ ਸੇਵਾਵਾਂ ਪ੍ਰਦਾਨ ਕਰਨ ਹਿੱਤ ਲੰਬਾ ਸਫ਼ਰ ਤਹਿ ਕੀਤਾ ਹੈ ਅਤੇ ਇਸ ਸਫ਼ਰ ’ਚ ਬਿੰਦਰ ਮੱਲ੍ਹਾ ਬੇਦੀਆਂ ਦਾ ਮੋਢੀ ਯੋਗਦਾਨ ਰਿਹਾ ਹੈ।
ਉਪਰੰਤ ਸੰਸਥਾ ਦੇ ਨੁਮਾਇੰਦੇ ਪਿਆਰੇ ਲਾਲ ਬੰਗਡ਼ ਅਤੇ ਦਵਿੰਦਰ ਸਕੋਹਪੁਰੀ ਨੇ ਵੀ ਬਿੰਦਰ ਮੱਲ੍ਹਾ ਬੇਦੀਆਂ ਨੂੰ ਸਨਮਾਨ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਬਿੰਦਰ ਮੱਲ੍ਹਾ ਬੇਦੀਆਂ ਇਲਾਕੇ ਦੇ ਨਾਮਵਰ ਮੀਡੀਆ ਕਰਮੀ ਹਨ ਅਤੇ ਉਹਨਾਂ ਨੇ ਵੱਖ ਵੱਖ ਸਮਾਜਿਕ ਸੰਸਥਾਵਾਂ ਲਈ ਸਰਗਰਮ ਭੂਮਿਕਾ ਨਿਭਾਈ ਹੈ। ਬਿੰਦਰ ਮੱਲ੍ਹਾ ਬੇਦੀਆਂ ਨੇ ਸੰਸਥਾ ਦੀ ਚਡ਼੍ਹਦੀ ਕਲਾ ਦੀ ਕਾਮਨ ਕਰਦਿਆਂ ਇਸ ਵਲੋਂ ਜਾਰੀ ‘ਲੇਖਕ ਦੇ ਵਿਹਡ਼ੇ’, ‘ਸਾਹਿਤ ਉਚਾਰਨ ਮੁਕਾਬਲਾ’ ਅਤੇ ‘ਸਾਹਿਤ ਸਾਂਝ’ ਪ੍ਰਗਰਾਮਾਂ ਦੀਆਂ ਲਡ਼ੀਆਂ ਦੀ ਸਫ਼ਲਤਾ ਲਈ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਬਿੰਦਰ ਮੱਲ੍ਹਾ ਬੇਦੀਆਂ ਦੇ ਪਰਿਵਾਰਕ ਮੈਂਬਰ ਅਤੇ ਸੰਸਥਾ ਦੇ ਮੈਂਬਰ ਵੀ ਸ਼ਾਮਲ ਸਨ। ਇਸ ਮੌਕੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਸੰਸਥਾ ਵਲੋਂ ‘ਸਾਹਿਤਕ ਸਾਂਝ’ ਪ੍ਰੋਗਰਾਮ ਦੀ ਅਗਲੀ ਲਡ਼ੀ ਤਹਿਤ ਪੰਚਾਇਤ ਦੇ ਸਹਿਯੋਗ ਨਾਲ ਔਡ਼ ਵਿਖੇ 9 ਜੁਲਾਈ ਨੂੰ ਪ੍ਰੋਗਰਾਮ ਕਰਵਾਇਆ ਜਾਵੇਗਾ।