ਲੌਬੀ ਵਿੱਚ ਸੁੱਤਾ ਸੀ ਪਰਿਵਾਰ, ਚੋਰ ਘਰ ਵਿੱਚੋਂ ਲੱਖਾਂ ਦੇ ਗਹਿਣੇ ਕੱਢ ਲੈ ਗਏ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 23 ਜੂਨ 2022
ਚੋਰਾਂ ਦੇ ਹੋਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਘਰ ਵਿਚ ਪੂਰਾ ਪਰਿਵਾਰ ਸੁੱਤਾ ਪਿਆ ਸੀ ਫਿਰ ਵੀ ਘਰ ਵਿੱਚ ਦਾਖ਼ਲ ਹੋ ਗਏ ਅਤੇ ਸਟੋਰ ਵਿਚ ਵੜ ਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਲੈ ਕੇ ਚੁੱਪ ਚਾਪ ਨਿਕਲ ਗਏ।
ਘਟਨਾ ਕਸਬਾ ਦੀਨਾਨਗਰ ਦੇ ਬਹਿਰਾਮਪੁਰ ਰੋਡ ਦੀ ਹੈ। ਜਾਣਕਾਰੀ ਦਿੰਦਿਆ ਤਰਨਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕੈਲਾਸਪੁਰ ਬਹਿਰਾਮ ਪੁਰ ਰੋਡ ਦੀਨਾਨਗਰ ਨੇ ਦੱਸਿਆ ਕਿ ਪਹਿਲਾਂ ਚੋਰ ਗੁਆਂਢ ਦੇ ਘਰ ਵੜੇ ਸਨ ਪਰ ਉੱਥੇ ਉਨ੍ਹਾਂ ਦੇ ਹੱਥ ਜ਼ਿਆਦਾ ਕੁਝ ਨਹੀਂ ਲੱਗਾ ਤਾਂ ਚੋਰਾਂ ਨੇ ਗੁਆਂਢ ਦੇ ਯਾਨੀ ਸਾਡੇ ਘਰ ਨੂੰ ਨਿਸ਼ਾਨਾ ਬਣਾਇਆ। ਉਹ ਆਪਣੇ ਪਰਿਵਾਰ ਸਮੇਤ ਰੋਜਾਨਾ ਦੀ ਤਰਾਂ ਖਾਣਾ ਖਾ ਕੇ ਘਰ ਦੀ ਬਣੀ ਲੋਬੀ ਵਿੱਚ ਸੋ ਗਏ ਸੀ।ਰਾਤ ਨੂੰ ਚੌਰ ਕਿਸ ਸਮੇਂ ਉਨ੍ਹਾਂ ਦੇ ਸਟੋਰ ਵਿਚ ਦਾਖ਼ਲ ਹੋ ਗਏ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ।
। ਉਨ੍ਹਾਂ ਨੇ ਸਵੇਰੇ ਉਠ ਕੇ ਵੇਖਿਆ ਤਾਂ ਸਟੋਰ ਵਿੱਚ ਪਈ ਅਲਮਾਰੀ ਅਤੇ ਪੇਟੀ ਖੁੱਲੀ ਹੋਈ ਸੀ, ਸਮਾਨ ਇਧਰ ਉਧਰ ਖਿਲਰਿਆ ਪਿਆ ਸੀ। ਅਲਮਾਰੀ ਚੈਕ ਕਰਨ ਤੇ ਪਤਾ ਲੱਗਾ ਕਿ ਚੋਰ ਅਲਮਾਰੀ ਅਤੇ ਪੇੱਟੀ ਵਿਚੋਂ ਲਗਭਗ 11 ਤੋਲੇ ਸੋਨੇ ਦੇ ਗਹਿਣੇ , ਦੋ ਲੇਡੀਜ ਅਤੇ ਇੱਕ ਜੈਂਟਸ ਘੜੀ ਅਤੇ ਵੀਹ ਹਜ਼ਾਰ ਰੁਪਏ ਦੀ ਨਕਦੀ ਲੈ ਕੇ ਚੁੱਪ ਚਾਪ ਨਿਕਲ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਲਗਭਗ 6 ਲੱਖ ਰੁਪਏ ਦਾ ਸਮਾਨ ਅਤੇ ਨਕਦੀ ਚੋਰਾਂ ਵੱਲੋਂ ਚੋਰੀ ਕੀਤੀ ਗਈ ਹੈ।
ਉਥੇ ਹੀ ਜਾਂਚ ਅਧਿਕਾਰੀ ਦੀਨਾਨਗਰ ਥਾਣੇ ਦੇ ਏਐਸਆਈ ਯੂਸਫ ਮਸੀਹ ਨੇ ਦੱਸਿਆ ਕਿ ਤਰਨਦੀਪ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।