ਕੈਨੇਡਾ: ਨੰਨ੍ਹੀ ਧੀ ਨਾਲ ਹਾਊਸ ਆਫ ਕਾਮਨਜ਼ ਪਹੁੰਚੇ ਜਗਮੀਤ ਨੇ ਇੰਫਲੇਸ਼ਨ 'ਤੇ ਘੇਰੀ ਲਿਬਰਲ ਸਰਕਾਰ; ਲਿਬਰਲ ਮੰਤਰੀ ਨੇ ਜਵਾਬ ਦੇਣ ਤੋਂ ਪਹਿਲਾਂ ਕੀਤਾ ਨੰਨ੍ਹੇ ਮਹਿਮਾਨ ਦਾ ਸਵਾਗਤ
ਕੈਨੇਡਾ, 23 ਜੂਨ 2022 - ਅੱਜ ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਆਪਣੀ ਨਨ੍ਹੀ ਬੱਚੀ ਦੇ ਨਾਲ ਹਾਊਸ ਆਫ ਕਾਮਨਜ਼ ਪਹੁੰਚੇ। ਇਸ ਦੌਰਾਨ ਉਨ੍ਹਾਂ ਦਾ ਹਾਊਸ ਆਫ ਕਾਮਨਜ਼ 'ਚ ਬੈਠੇ ਐਮ.ਪੀ.'ਸ ਨੇ ਸਵਾਗਤ ਕੀਤਾ। ਜਗਮੀਤ ਸਿੰਘ ਨੇ ਆਪਣੀ ਬੱਚੀ ਨੂੰ ਮੋਢੇ 'ਤੇ ਚੁੱਕ ਆਪਣੀ ਵਾਰੀ ਆਉਣ 'ਤੇ ਲਿਬਰਲ ਸਰਕਾਰ ਨੂੰ ਇੰਫਲੇਸ਼ਨ ਦੇ ਮਸਲੇ 'ਤੇ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ 'ਚ ਇੰਫਲੇਸ਼ਨ ਦਰ ਕਰੀਬ 4 ਦਹਾਕਿਆਂ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਉਨ੍ਹਾਂ ਸਰਕਾਰ ਨੂੰ ਪੁੱਛਿਆ ਕਿ ਆਖਿਰ ਦੇਸ਼ 'ਚ ਪਰਿਵਾਰਾਂ ਦੀ ਮਦਦ ਲਈ ਕੀ ਕੀਤਾ ਜਾ ਰਿਹਾ ਹੈ। ਇਸ 'ਤੇ ਜਵਾਬ ਦਿੰਦਿਆਂ ਫੈਮਿਲੀਸ ਮੰਤਰੀ ਕਰੀਨਾ ਗੋਲਡ ਨੇ ਪਹਿਲਾਂ ਜਗਮੀਤ ਸਿੰਘ ਦੀ ਨਨ੍ਹੀ ਬੱਚੀ ਦਾ ਸਵਾਗਤ ਕੀਤਾ ਅਤੇ ਉਸ ਦੀ ਹਾਜਰੀ 'ਤੇ ਖੁਸ਼ੀ ਜਾਹਿਰ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਇਸ ਮਸਲੇ 'ਤੇ ਗੰਭੀਰ ਹੈ ਅਤੇ ਕਦਮ ਚੁੱਕੇ ਜਾ ਰਹੇ ਹਨ।
ਕੰਜ਼ਰਵੇਟਿਵਸ ਨੇ ਸਰਕਾਰ ਨੂੰ ਕੀਤੇ ਸਖਤ ਸਵਾਲ
ਅੱਜ ਕਵਸਚਨ ਪੀਰੀਅਡ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਅੰਤਰਿਮ ਲੀਡਰ ਕੈਂਡਿਸ ਬਰਗਨ ਨੇ ਲਿਬਰਲ ਸਰਕਾਰ ਨੂੰ ਇੰਫਲੇਸ਼ਨ ਦੇ ਮਸਲੇ 'ਤੇ ਘੇਰਿਆ। ਕੈਨੇਡਾ 'ਚ ਮਈ ਮਹੀਨੇ ਦੇ ਇੰਫਲੇਸ਼ਨ ਦੇ ਅੰਕੜੇ ਸਾਂਝੇ ਕੀਤੇ ਗਏ ਹਨ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਮਈ 'ਚ ਕੰਜਿਉਮਰ ਪ੍ਰਾਈਸ ਇੰਡੈਕਸ 7.7% 'ਤੇ ਪਹੁੰਚ ਗਿਆ ਹੈ। ਇਸ ਨੂੰ ਕਰੀਬ 40 ਸਾਲਾਂ 'ਚ ਸਭ ਤੋਂ ਉੱਚੀ ਇੰਫਲੇਸ਼ਨ ਦਰ ਦੱਸਿਆ ਗਿਆ ਹੈ। ਅੱਜ ਕੈਂਡਿਸ ਬਰਗਨ ਨੇ ਕਿਹਾ ਕਿ ਕੈਨੇਡਾ ਦੇ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਕੋਵਿਡ ਅਤੇ ਪੁਤਿਨ ਨੂੰ ਦੋਸ਼ ਦੇਣਾ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਗੈਸ ਦੀਆਂ ਕੀਮਤਾਂ 'ਚ ਟੈਕਸ ਤੋਂ ਟੈਂਪਰੇਰੀ ਰਾਹਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਖਿਰ ਲਿਬਰਲ ਸਰਕਾਰ ਕੰਜ਼ਰਵੇਟਿਵਸ ਦੀ ਗੱਲ ਮੰਨ ਕੇ ਗੈਸ ਤੋਂ ਫੈਡਰਲ ਟੈਕਸ ਹਟਾਉਣ ਦਾ ਫੈਸਲਾ ਕਦੋਂ ਲਵੇਗੀ।
ਲਿਬਰਲ ਪਾਰਟੀ ਦਾ ਜਵਾਬ
ਇਸ 'ਤੇ ਜਵਾਬ ਦਿੰਦੇ ਹੋਏ ਨੈਚੁਰਲ ਰਿਸੋਰਸਿਸ ਮੰਤਰੀ, ਜੋਨਾਥਨ ਵਿਲਕਿੰਸਨ ਨੇ ਕਿਹਾ ਕਿ ਵਿਰੋਧੀ ਧਿਰ ਦੀ ਇੰਫਲੇਸ਼ਨ ਬਾਰੇ ਚਿੰਤਾ ਠੀਕ ਹੈ ਅਤੇ ਸਰਕਾਰ ਇਸ ਮਾਮਲੇ 'ਤੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਬੀਤੇ ਹਫ਼ਤੇ ਇੰਫਲੇਸ਼ਨ ਸੰਬੰਧੀ ਸਰਕਾਰ ਦਾ ਪਲੈਨ ਸਾਂਝਾ ਕੀਤਾ ਸੀ। ਉਨ੍ਹਾਂ ਕਿਹਾ ਕਿ ਗੈਸ ਦੀਆਂ ਕੀਮਤਾਂ ਅਤੇ ਐਨਰਜੀ ਕੀਮਤਾਂ 'ਤੇ ਕਾਬੂ ਪਾਉਣ ਲਈ ਸਰਕਾਰ ਲਗਾਤਾਰ ਕੋਸ਼ਿਸ਼ਾਂ 'ਚ ਜੁਟੀ ਹੈ।