ਐਨ ਆਈ ਏ ਦੀ ਟੀਮ ਨੇ ਤੜਕਸਾਰ ਪਿੰਡ ਪੀਰਾ ਬਾਗ 'ਚ ਮਾਰਿਆ ਛਾਪਾ
ਰੋਹਿਤ ਗੁਪਤਾ
ਗੁਰਦਾਸਪੁਰ 23 ਜੂਨ 2022 - ਨਜ਼ਦੀਕੀ ਪਿੰਡ ਪੀਰਾਂ ਬਾਗ਼ ਵਿਚ ਸਵੇਰੇ ਤੜਕਸਾਰ ਸਨਸਨੀ ਫੈਲ ਗਈ ਜਦੋਂ ਦਿੱਲੀ ਤੋਂ ਆਈ ਐਨ ਆਈ ਏ ਦੀ ਟੀਮ ਨੇ ਅਚਾਨਕ ਕਈ ਅਪਰਾਧਕ ਵਾਰਦਾਤਾਂ ਵਿਚ ਸ਼ਾਮਲ ਗੁਰਵਿੰਦਰ ਸਿੰਘ ਰਾਜਾ ਦੇ ਘਰ ਛਾਪੇਮਾਰੀ ਕੀਤੀ। ਹਾਲਾਂਕਿ ਇਸ ਬਾਰੇ ਕੋਈ ਪੁਲਿਸ ਅਧਿਕਾਰੀ ਅਧਿਕਾਰਕ ਤੌਰ ਤੇ ਪੱਤਰਕਾਰਾਂ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਪਰ ਜਾਣਕਾਰੀ ਮਿਲੀ ਹੈ ਕਿ ਐਨਆਈਏ ਟੀਮ ਦੀ ਅਗਵਾਈ ਇਕ ਡੀਐੱਸਪੀ ਰੈਂਕ ਦਾ ਅਧਿਕਾਰੀ ਕਰ ਰਿਹਾ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਹਰਿਆਣਾ ਪੁਲੀਸ ਦੀ ਹਿਰਾਸਤ ਵਿਚ ਹੈ। ਤਫ਼ਤੀਸ਼ ਦੇ ਚੱਲਦਿਆਂ ਐਨਆਈਏ ਦੀ ਇਕ ਟੀਮ ਨੇ ਅੱਜ ਉਸ ਦੇ ਪਿੰਡ ਪੀਰਾਂਬਾਗ ਵਿਖੇ ਪਹੁੰਚ ਕੇ ਉਸ ਦੇ ਘਰ ਛਾਪਾ ਮਾਰਿਆ। ਘਰ ਵਿੱਚ ਉਸ ਦੀ ਬਜ਼ੁਰਗ ਮਾਤਾ ਹੀ ਮੌਜੂਦ ਸੀ। ਟੀਮ ਦੇ ਮੈਂਬਰਾਂ ਨੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਕਬਜ਼ੇ ਵਿੱਚ ਲੈ ਲਈ।
ਜਾਣਕਾਰੀ ਮਿਲੀ ਹੈ ਕਿ ਅੱਤਵਾਦ ਵਿਰੋਧੀ ਦਸਤੇ ਵੱਲੋਂ ਪੰਜਾਬ ਦੇ ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਜ਼ਿਲਿਆਂ ਸਮੇਤ ਕੁੱਲ 7 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਮਾਮਲਾ ਪਿਛਲੇ ਮਹੀਨੇ ਹਰਿਆਣਾ ਦੇ ਕਰਨਾਲ 'ਚ ਆਈਈਡੀ ਦੀ ਬਰਾਮਦਗੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਬਸਤਾਰਾ ਟੋਲ ਪਲਾਜ਼ਾ ਮਧੂਬਨ ਤੋਂ 3 ਆਈਈਡੀ, 1 ਪਿਸਤੌਲ, 2 ਮੈਗਜ਼ੀਨ, 31 ਰੌਂਦ, 6 ਮੋਬਾਈਲ ਅਤੇ 1.30 ਲੱਖ ਦੀ ਨਕਦੀ ਬਰਾਮਦ ਹੋਈ ਸੀ ਅਤੇ ਚਿੱਟੇ ਰੰਗ ਦੀ ਇਨੋਵਾ ਕਾਰ ਵਿੱਚੋਂ ਚਾਰ ਵਿਅਕਤੀ ਫੜੇ ਗਏ ਸਨ ਇਹ ਕੇਸ ਕਰਨਾਲ ਜ਼ਿਲ੍ਹੇ ਦੇ ਮਧੂਬਨ ਥਾਣੇ ਵਿੱਚ 5 ਮਈ, 2022 ਨੂੰ ਦਰਜ ਕੀਤਾ ਗਿਆ ਸੀ।
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਪਾਕਿਸਤਾਨ ਸਥਿਤ ਸੰਚਾਲਕ ਹਰਵਿੰਦਰ ਸਿੰਘ ਰਿੰਦਾ ਨੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਇਸ਼ਾਰੇ 'ਤੇ ਵਿਸਫੋਟਕ, ਹਥਿਆਰ ਅਤੇ ਗੋਲਾ ਬਾਰੂਦ ਦੀ ਸਪਲਾਈ ਕੀਤੀ ਸੀ।