‘ਲੀਡਰਾਂ ਵੱਲੋਂ ਲਾਏ ਜਾਂਦੇ ਸਿਆਸੀ ਗੋਤਿਆਂ ਨੇ ਪਾਣੀ ਤੋਂ ਵੱਧ ਡੋਬਿਆ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 22 ਜੂਨ2022: ਬਠਿੰਡਾ ਸ਼ਹਿਰ ਵਾਸੀਆਂ ਨੂੰ ਬਾਰਸ਼ਾਂ ਦੇ ਪਾਣੀ ਨੇ ਓਨਾਂ ਨਹੀਂ ਡੁਬੋਇਆ ਜਿੰਨਾਂ ਡੁੱਬਕੀਆਂ ਲਾਉਂਦੇ ‘ਵਿਕਾਸ’ ਨੂੰ ਲੈਕੇ ਲੀਡਰ ਹਰ ਸਾਲ ਇੱਕ ਦੂਜੇ ਖਿਲਾਫ ਸਿਆਸੀ ਮੁਹਾਜ਼ ਖੋਲ੍ਹਕੇ ਡੁਬੋ ਦਿੰਦੇ ਹਨ। ਤਾਜਾ ਮਾਮਲਾ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ ਦਾ ਹੈ ਜਿੰਨ੍ਹਾਂ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਸਾਹਮਣੇ ਲਿਆਂਦੇ ਤੱਥਾਂ ਦਾ ਸਿਆਸੀ ਜਵਾਬ ਦਿੱਤਾ ਹੈ। ਨਗਰ ਨਿਗਮ ਬਠਿੰਡਾ ’ਚ ਕਾਂਗਰਸ ਦੀ ਹਕੂਮਤ ਹੈ ਜਦੋਂਕਿ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਜਗਰੂਪ ਗਿੱਲ ਐਤਕੀਂ ਵਿਧਾਇਕ ਬਣੇ ਹਨ ਜੋ ਕਾਂਗਰਸੀ ਨੇਤਾਵਾਂ ਨੂੰ ਚੁਭਣੋ ਨਹੀਂ ਹਟ ਰਿਹਾ। ਜਗਰੂਪ ਗਿੱਲ ਨੇ ਬਾਰਸ਼ਾਂ ਦੇ ਪਾਣੀ ਕਾਰਨ ਹਰ ਸਾਲ ਡੁੱਬਦੇ ਬਠਿੰਡਾ ਨੂੰ ਲੈਕੇ ਨਗਰ ਨਿਗਮ ਨੂੰ ਕਟਹਿਰੇ ਵਿੱਚ ਖੜ੍ਹਾਇਆ ਸੀ।
ਗਿੱਲ ਨੇ ਕਿਹਾ ਸੀ ਕਿ ਕੋਈ ਅਜਿਹੇ ਪ੍ਰਬੰਧ ਨਹੀਂ ਕੀਤੇ ਜਿਸ ਨਾਲ ਬਰਸਾਤੀ ਪਾਣੀ ਦੀ ਮੁਕੰਮਲ ਨਿਕਾਸੀ ਹੋ ਸਕੇ। ਉਨ੍ਹਾਂ ਨਗਰ ਨਿਗਮ ਤੇ ਅਜਿਹਾ ਕਰਕੇ ‘ਆਪ’ ਸਰਕਾਰ ਨੂੰ ਬਦਨਾਮ ਕਰਨ ਦੇ ਦੋਸ਼ ਲਾਏ ਸਨ। ਉਸ ਮਗਰੋਂ ਮਹੌਲ ਐਨਾ ਭਖਿਆ ਕਿ ਹੁਣ ਅਸ਼ੋਕ ਪ੍ਰਧਾਨ ਨੇ ਵਿਧਾਇਕ ਗਿੱਲ ਨੂੰ ਇਸ ਮੁੱਦੇ ਤੇ ਸੁਆਲ ਦਾਗੇ ਹਨ ਅਤੇ ਨਿਕਾਸੀ ਲਈ ਪੁਖਤਾ ਪ੍ਰਬੰਧ ਹੋਣ ਦਾ ਦਾਅਵਾ ਕੀਤਾ ਹੈ। ਲੋਕ ਆਖਦੇ ਹਨ ਕਿ ਨੇਤਾ ਸਿਆਸੀ ਤੀਰ ਚਲਾਉਣ ਤੋਂ ਨਹੀਂ ਖੁੰਝਦੇ ਜਦੋਂਕਿ ਸ਼ਹਿਰ ਹਰ ਸਾਲ ਬਿਪਤਾ ’ਚ ਘਿਰਦਾ ਹੈ ਜਿਸ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਬਠਿੰਡਾ ਸ਼ਹਿਰ ਵਿੱਚ ਬਾਰਸ਼ ਤਾਂ ਰੁਕ ਜਾਂਦੀ ਹੈ ਪ੍ਰੰਤੂ ਮੁਸ਼ਕਿਲਾਂ ਹਨ ਜੋ ਕਈ ਕਈ ਦਿਨ ਰੁਕਣ ਦਾ ਨਾਮ ਨਹੀਂ ਲੈਂਦੀਆਂ।
ਇਸ ਮਾਮਲੇ ’ਚ ਸ਼ਹਿਰ ਦੇ ਸਭ ਤੋਂ ਸੰਵੇਦਨਸ਼ੀਲ ਖਿੱਤੇ ਸਿਰਕੀ ਬਜ਼ਾਰ ਦੇ ਅੱਧੀ ਦਰਜਨ ਦੁਕਾਨਦਾਰਾਂ ਨੇ ਕਿਹਾ ਕਿ ਲੋਕਾਂ ਨੂੰ ਸਿਆਸੀ ਜੰਗ ਦੀ ਨਹੀਂ, ਰਾਹਤ ਦੀ ਜਰੂਰਤ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪਤਾ ਨਹੀਂ ਕਿਉਂ ਵੋਟਾਂ ਵੇਲੇ ਹੱਥ ਜੋੜਨ ਵਾਲੇ ਲੀਡਰਾਂ ਕੋਲੋਂ ‘ਬਠਿੰਡਾ ਦਾ ਅਵਾਮ’ ਦੂਰ ਹੋ ਗਿਆ ਹੈ। ਦੱਸਣਯੋਗ ਹੈ ਕਿ ਬਾਰਸ਼ਾਂ ਕਰ ਕੇ ਸ਼ਹਿਰ ਹਰ ਸਾਲ ਸੰਕਟ ’ਚ ਫਸਦਾ ਹੈ। ਲੋਕਾਂ ਦੇ ਘਰਾਂ ਵਿੱਚ ਪਾਣੀ ਮੇਲ੍ਹਦਾ ਹੈ ਅਤੇ ਗਰੀਬ ਬਸਤੀਆਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ ਰਹਿੰਦਾ ਪਰ ਬਿਪਤਾ ’ਚ ਘਿਰੇ ਲੋਕਾਂ ਦੀ ਬਾਂਹ ਨਹੀਂ ਫੜ੍ਹੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਲੀਡਰ ਤਾਂ ਖਲੋਤੇ ਪਾਣੀ ’ਚ ਖੜ੍ਹਕੇ ਵੀ ਸਮੱਸਿਆ ਨੂੰ ਹੱਲ ਕਰਨ ਦਾ ਦਾਅਵਾ ਕਰਕੇ ਗਏ ਸਨ ਪਰ ਕੋਈ ਮੁੜਿਆ ਨਹੀਂ ਹੈ।
ਪਾਣੀ ਸੰਕਟ ਦੇ ਸਤਾਏ ਪਾਵਰ ਹਾਊਸ ਰੋਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਤਾਂ ਸਮਝੋਂ ਬਾਹਰ ਹੈ ਕਿ ਆਈਜੀ ਅਤੇ ਡਿਪਟੀ ਕਮਿਸ਼ਨਰ ਵਰਗੇ ਵੱਡੇ ਅਫਸਰਾਂ ਦੀਆਂ ਕੋਠੀਆਂ ਲਾਗੇ ਪਾਣੀ ਦਾ ਸਮੁੰਦਰ ਵਗਦਾ ਹੋਣ ਦੇ ਬਾਵਜੂਦ ਇਸ ਮੁੱਦੇ ਤੇ ਮਿਹਣੋ ਮਿਹਣੀ ਹੋਣ ਵਾਲੇ ਨੇਤਾ ਨਿਕਾਸੀ ਦੇ ਇੰਤਜਾਮ ਕਰਨਾ ਕਿਉਂ ਭੁੱਲ ਜਾਂਦੇ ਹਨ। ਇਹੀ ਹਾਲ ਲਾਈਨੋ ਪਾਰ ਇਲਾਕੇ ਦਾ ਹੈ ਜਿੱਥੇ ਸਾਬਕਾ ਕੌਂਸਲਰ ਵਿਜੇ ਕੁਮਾਰ ਬਰਸਾਤੀ ਪਾਣੀ ’ਚ ਕਿਸ਼ਤੀ ਚਲਾਕੇ ਨਗਰ ਨਿਗਮ ਦੀ ਪੋਲ ਖੋਹਲਦੇ ਰਹਿੰਦੇ ਹਨ। ਇੱਕ ਵਾਰ ਤਾਂ ਬਾਰਸ਼ ਦੇ ਪਾਣੀ ਕਾਰਨ ਮਿੰਨੀ ਸਕੱਤਰੇਤ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਫੌਜ ਸੱਦਣ ਦੀ ਤਿਆਰੀ ਹੋ ਗਈ ਸੀ ਪਰ ਬਦਨਾਮੀ ਡਰੋਂ ਯੋਜਨਾ ਨੂੰ ਟਾਲਣਾ ਪਿਆ ਸੀ।
ਭੱਜਦੇ ਦਿਸਦੇ ਗਿੱਲ:ਅਸ਼ੋਕ ਪ੍ਰਧਾਨ
ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਪ੍ਰਧਾਨ ਦਾ ਕਹਿਣਾ ਸੀ ਕਿ ਬਾਰਸ਼ਾਂ ਸਿਰ ਤੇ ਦੇਖਕੇ ਗਿੱਲ ਲੋਕਾਂ ਨੂੰ ਨਿਜਾਤ ਦਿਵਾਉਣ ਦੀ ਥਾਂ ਭੱਜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਕਾਰਜਕਾਲ ’ਚ ਇਸ ਸੰਕਟ ਲਈ ਕਾਫੀ ਕੁੱਝ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਵਿਧਾਇਕ ਹੋਣ ਦੇ ਨਾਤੇ ਜਗਰੂਪ ਗਿੱਲ ਦਾ ਫਰਜ਼ ਹੈ ਕਿ ਉਹ ਆਪਣੀ ਜਿੰਮੇਵਾਰੀ ਤੋਂ ਭੱਜਣ ਦੀ ਥਾਂ ਸਰਕਾਰ ਤੋਂ 10 ਏਕੜ ਜਮੀਨ ਦਾ ਪ੍ਰਬੰਧ ਕਰਵਾਉਣ । ਉਨ੍ਹਾਂ ਦਾਅਵਾ ਕੀਤਾ ਕਿ ਨਗਰ ਨਿਗਮ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਬਰ ਤਿਆਰ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀ ਵੀ ਪੂਰੀ ਤਰਾਂ ਪਾਬੰਦ ਕਰ ਦਿੱਤੇ ਹਨ ਅਤੇ ਅਹੁਦੇਦਾਰਾਂ ਵੱਲੋਂ ਵੀ ਵੀ ਸਥਿਤੀ ਤੇ ਨਿਗਰਾਨੀ ਰੱਖੀ ਜਾਏਗੀ।
ਰਾਜਨੀਤੀ ਨਹੀਂ ਸ਼ਹਿਰ ਦਾ ਫਿਕਰ-ਗਿੱਲ
ਵਿਧਾਇਕ ਜਗਰੂਪ ਸਿੰਘ ਗਿੱਲ ਦਾ ਕਹਿਣਾ ਸੀ ਕਿ ਉਹ ਰਾਜਨੀਤੀ ਨਹੀਂ ਕਰ ਰਹੇ ਬਲਕਿ ਉਨ੍ਹਾਂ ਨੂੰ ਸ਼ਹਿਰ ਵਾਸੀਆਂ ਦਾ ਫਿਕਰ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਸਭ ਦਾ ਸਾਂਝਾ ਹੈ ਜਿਸ ਨੂੰ ਸਾਰਿਆਂ ਨੇ ਆਪਸੀ ਸਹਿਯੋਗ ਨਾਲ ਸੰਕਟ ਚੋਂ ਬਾਹਰ ਕੱਢਣਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਵੱਲੋਂ ਲਾਏ ਜਾ ਰਹੇ ਦੋਸ਼ਾਂ ਦਾ ਕੋਈ ਫਾਇਦਾ ਨਹੀਂ ਹੋਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੌਂਸਲਰ ਵਜੋਂ ਕਈ ਵਾਰ ਨਗਰ ਨਿਗਮ ਨੂੰ ਜਗ੍ਹਾ ਖਰੀਦਣ ਦਾ ਸੁਝਾਅ ਦਿੱਤਾ ਸੀ ਜਿਸ ਤੇ ਅਮਲ ਨਹੀਂ ਹੋਇਆ ਜੋ ਗੰਭਾਰ ਸੰਕਟ ਦਾ ਕਾਰਨ ਬਣਿਆ ਹੈ।
ਲੀਡਰਾਂ ਨੂੰ ਆਪਸੀ ਸਹਿਯੋਗ ਦੀ ਨਸੀਹਤ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਬਰਸਾਤੀ ਪਾਣੀ ਦੇ ਮਾਮਲੇ ਤੇ ਨੇਤਾਵਾਂ ਨੂੰ ਸਿਆਸਤ ਕਰਨ ਦੀ ਥਾਂ ਮਿਲ ਜੁਲ ਕੇ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਨਗਰ ਨਿਗਮ ਨੇ ਨਿਕਾਸੀ ਲਈ ਹੁਣ ਤੱਕ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਹਨ ਫਿਰ ਵੀ ਸੰਕਟ ਘਟਿਆ ਨਹੀਂ ਵਧਿਆ ਹੈ। ਉਨ੍ਹਾਂ ਸ਼ਹਿਰੀ ਲੋਕਾਂ ਤੋਂ ਟੈਕਸਾਂ ਰਾਹੀਂ ਵਸੂਲੇ ਪੈਸੇ ਖਰਚ ਕਰਨ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਕਸੂਰਵਾਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।