ਪਟਿਆਲਾ:ਪਿੰਡਾਂ 'ਚ ਇਜ਼ਲਾਸ ਨੂੰ ਮਿਲਿਆ ਭਰਵਾਂ ਹੁੰਗਾਰਾ ਸਾਰੇ ਪਿੰਡਾਂ ਦੇ ਮੁਕੰਮਲ ਹੋਣਗੇ ਇਜਲਾਸ: ਸਾਕਸ਼ੀ ਸਾਹਨੀ
ਜੀ ਐਸ ਪੰਨੂ
ਪਟਿਆਲਾ, 23 ਜੂਨ,2022 - ਪਿੰਡਾਂ ਦੇ ਵਿਕਾਸ ਕੰਮਾਂ ਨੂੰ ਲੋਕ ਰਾਏ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਦੇ ਮਕਸਦ ਨਾਲ 15 ਜੂਨ ਤੋਂ ਕਰਵਾਏ ਜਾ ਰਹੇ ਆਮ ਇਜਲਾਸ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਹੁਣ ਤੱਕ ਜ਼ਿਲ੍ਹੇ ਦੀਆਂ 655 ਗਰਾਮ ਪੰਚਾਇਤਾਂ 'ਚ ਆਮ ਇਜਲਾਸ ਕਰਵਾਏ ਜਾ ਚੁੱਕੇ ਹਨ ਅਤੇ ਅਤੇ ਰਹਿੰਦੀਆਂ ਗਰਾਮ ਪੰਚਾਇਤਾਂ 'ਚ 26 ਜੂਨ ਤੱਕ ਇਜਲਾਸ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਆਮ ਇਜਲਾਸਾਂ 'ਚ ਵੱਖ-ਵੱਖ ਵਿਕਾਸ ਕੰਮਾਂ, ਗਰਾਮ ਪੰਚਾਇਤਾਂ ਵੱਲੋਂ ਲਏ ਗਏ ਅਹਿਮ ਫੈਸਲੇ, ਸਵੱਛ ਤੇ ਹਰੀ-ਭਰੀ ਪੰਚਾਇਤ, ਸਿਹਤਮੰਦ ਪਿੰਡ, ਚੰਗਾ ਸ਼ਾਸਨ, ਸਮਾਜਿਕ ਤੌਰ 'ਤੇ ਸੁਰੱਖਿਅਤ ਪਿੰਡ, ਪਾਣੀ ਭਰਪੂਰ ਪਿੰਡ, ਮਹਿਲਾਵਾਂ ਦੀ ਸ਼ਮੂਲੀਅਤ ਵਾਲਾ ਵਿਕਾਸ ਆਦਿ ਹੋਰ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਮ ਇਜਲਾਸਾਂ ਵਿੱਚ ਪਿੰਡ ਵਾਸੀਆਂ ਵੱਲੋਂ ਸ਼ਾਮਲ ਹੋਣ ਵਿੱਚ ਪੂਰਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ।
ਜ਼ਿਲ੍ਹਾਂ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਪੜਾ ਨੇ ਦੱਸਿਆ ਕਿ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ ਬਲਾਕ ਭੁਨਰਹੇੜੀ ਦੀਆਂ 120, ਬਲਾਕ ਪਟਿਆਲਾ ਦੀਆਂ 60, ਬਲਾਕ ਰਾਜਪੁਰਾ ਦੀਆਂ 55, ਬਲਾਕ ਸ਼ੰਭੂ ਕਲਾਂ ਦੀਆਂ 60, ਬਲਾਕ ਘਨੌਰ ਦੀਆਂ 45, ਬਲਾਕ ਪਾਤੜਾਂ ਦੀਆਂ 81, ਬਲਾਕ ਸਮਾਣਾ ਦੀਆਂ 45, ਬਲਾਕ ਪਟਿਆਲਾ ਦਿਹਾਤੀ ਦੀਆਂ 34, ਬਲਾਕ ਨਾਭਾ ਦੀਆਂ 105, ਬਲਾਕ ਸਨੌਰ ਦੀਆਂ 50 ਕੁੱਲ 655 ਗਰਾਮ ਪੰਚਾਇਤਾਂ ਵਿੱਚ ਆਮ ਇਜਲਾਸ ਕਰਵਾਏ ਗਏ ਹਨ ਜੋ ਕਿ ਪੂਰੀ ਸਫਲਤਾ ਨਾਲ ਨੇਪਰੇ ਚਾੜ੍ਹਨ ਦੀ ਹਿੰਮਤ ਕੀਤੀ ਗਈ ਹੈ।