ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਨੇ ਕਿਸਾਨ ਖ਼ੁਦਕੁਸ਼ੀਆਂ ਸਬੰਧੀ ਅੰਕੜਿਆਂ 'ਤੇ ਚਿੰਤਾ ਪ੍ਰਗਟਾਈ
- ਖੁਦਕੁਸ਼ੀਆਂ ਦਾ ਰਾਹ ਛੱਡ ਜਥੇਬੰਦਕ ਸੰਘਰਸ਼ਾਂ ਦੇ ਰਾਹ ਤੁਰਨ ਕਿਸਾਨ-ਮਜ਼ਦੂਰ : ਬੁਰਜ਼ਗਿੱਲ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 23 ਜੂਨ, 2022 : ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਨੇ ਕਿਸਾਨ-ਖ਼ੁਦਕੁਸ਼ੀਆਂ ਬਾਰੇ ਅੰਕੜਿਆਂ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ।
18 ਜੂਨ 2022 ਦੇ Economic and Political Weekly ਵਿੱਚ ਛਪੀ ਪੰਜਾਬ ਦੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਰਿਪੋਰਟ, ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਰਥਸ਼ਾਸਤਰੀਆਂ ਡਾਕਟਰ ਸੁਖਪਾਲ ਸਿੰਘ, ਮਨਜੀਤ ਕੌਰ ਅਤੇ ਐਚ ਐਸ ਕਿੰਗਰਾ ਨੇ ਪੰਜਾਬ ਦੇ ਛੇ ਜ਼ਿਲ੍ਹਿਆਂ ਦੇ 2000 ਤੋਂ 2018 ਦੌਰਾਨ 4 ਪੜ੍ਹਾਵਾਂ ਵਿੱਚ ਕੀਤੇ ਖੁਦਕਸ਼ੀ ਪੀੜਤਾਂ ਦੇ ਘਰ ਘਰ ਸਰਵੇ ਦੇ ਅਧਾਰ 'ਤੇ ਤੱਥ ਪੇਸ਼ ਕੀਤੇ ਹਨ ।
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਜ਼ਮੀਨੀ ਸਰਵੇ ਦੇ ਅਧਾਰ 'ਤੇ ਤਿਆਰ ਕੀਤੀ ਇਹ ਰਿਪੋਰਟ ਕਿਸਾਨੀ ਸੰਕਟ ਦੀ ਗੰਭੀਰਤਾ ਅਤੇ ਡੂੰਘਾਈ ਦੀ ਤਰਜਮਾਨੀ ਕਰਦੀ ਹੈ । ਬੁਰਜ਼ਗਿੱਲ ਨੇ ਕਿਹਾ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਚਿੰਤਾ ਦਾ ਵਿਸ਼ਾ ਹੈ, ਪਰ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਲੜ ਲੱਗਣਾ ਚਾਹੀਦਾ ਹੈ। ਮੁਸ਼ਕਿਲਾਂ ਦਾ ਇੱਕੋ ਇੱਕ ਹੱਲ ਸੰਘਰਸ਼ ਹੀ ਹੈ।
ਰਿਪੋਰਟ ਅਨੁਸਾਰ ਸਾਲ 1991 ਤੋਂ 2011 ਤੱਕ ਦੋ ਲੱਖ ਛੋਟੇ ਕਿਸਾਨ ਖੇਤੀ ਧੰਦਾ ਛੱਡ ਚੁੱਕੇ ਹਨ। ਕਿਸਾਨ ਖ਼ੁਦਕੁਸ਼ੀਆਂ ਵਿੱਚ 2000 ਤੋਂ 2018 ਤੱਕ ਕੁੱਲ 2566 ਖ਼ੁਦਕੁਸ਼ੀਆਂ ਨਾਲ ਮੌਜੂਦਾ ਮੁੱਖ ਮੰਤਰੀ ਦਾ ਜਿਲ੍ਹਾ ਸੰਗਰੂਰ ਪਹਿਲੇ ਨੰਬਰ 'ਤੇ ਹੈ, 2098 ਨਾਲ ਮਾਨਸਾ ਦੂਜੇ, 1956 ਨਾਲ ਬਠਿੰਡਾ ਤੀਜੇ, ਬਰਨਾਲਾ 1126, ਮੋਗਾ 880 ਅਤੇ ਲੁਧਿਆਣਾ 725 ਨਾਲ ਕ੍ਰਮਵਾਰ ਚੌਥੇ , ਪੰਜਵੇਂ ਅਤੇ ਛੇਵੇਂ ਸਥਾਨ 'ਤੇ ਹਨ।
ਸਾਲ 2008 ਦੌਰਾਨ ਸਭ ਤੋਂ ਵੱਧ ਕਿਸਾਨ ਖ਼ੁਦਕਸ਼ੀਆਂ (630) ਤੋਂ ਬਾਅਦ ਕਰਜ਼ਾ ਮੁਆਫੀ ਕਾਰਨ ਤਾਂ ਇਕ ਵਾਰ ਤਾਂ ਇਸ ਰੁਝਾਨ ਨੂੰ ਠੱਲ੍ਹ ਪਈ ਸੀ। 2015 ਵਿੱਚ ਫਿਰ ਨਰਮੇ ਦੀ ਫਸਲ ਅਮਰੀਕਨ ਸੁੰਡੀ ਉਤੇ ਨਕਲੀ ਕੀਟਨਾਸ਼ਕਾਂ ਦੇ ਫੇਲ੍ਹ ਹੋ ਜਾਣ ਕਾਰਨ ਕਿਸਾਨ ਖ਼ੁਦਕੁਸ਼ੀਆਂ ਵੱਲ ਧੱਕੇ ਗਏ ਸਨ , ਕਿਉਂਕਿ ਨਰਮੇ ਦਾ ਝਾੜ ਤੀਹਾਂ ਸਾਲਾਂ ਦੇ ਔਸਤ ਨਾਲੋਂ ਘੱਟ ਕੇ ਸਿਰਫ 1.97 ਕਵਿੰਟਲ ਪ੍ਰਤੀ ਹੈਕਟੇਅਰ ਹੀ ਰਹਿ ਗਿਆ ਸੀ। ਖੋਜ ਰਿਪੋਰਟ ਅਨੁਸਾਰ 77 % ਖੁਦਕਸ਼ੀਆਂ ਕਰਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨ ਸਨ, ਜਦੋਂਕਿ ਕੁੱਲ ਕਿਸਾਨਾਂ ਵਿਚ ਇਹਨਾਂ ਦੀ ਆਬਾਦੀ 34 ਫੀਸਦੀ ਹੀ ਹੈ । ਵੱਡੇ ਕਿਸਾਨਾਂ ਵਿਚ ਖੁਦਕਸ਼ੀ ਦਾ ਅੰਕੜਾ ਸਿਰਫ 0.47% ਹੀ ਹੈ।
ਇਹਨਾਂ ਖੁਦਕਸ਼ੀਆਂ ਕਰਨ ਵਾਲੇ ਕਿਸਾਨਾਂ ਵਿਚ 92% ਮਰਦ ਸਨ । 72 ਫੀਸਦੀ ਕਿਸਾਨਾਂ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕੀਤੀ । ਉਹਨਾਂ ਕਿਹਾ ਕਿ ਇਸ ਰਿਪੋਰਟ ਨੇ ਉਸ ਝੂਠ ਦਾ ਪਾਜ ਉਘਾੜਿਆ ਹੈ, ਜਿਸ ਵਿੱਚ ਪ੍ਰਚਾਰਿਆ ਜਾਂਦਾ ਹੈ ਕਿ ਕਿਸਾਨ ਵਿਆਹਾਂ ਅਤੇ ਗੈਰ ਉਤਪਾਦਨ ਵਾਲੇ ਕੰਮਾਂ ਲਈ ਕਰਜ਼ ਲੈਂਦੇ ਹਨ। ਰਿਪੋਰਟ ਮੁਤਾਬਕ 75 ਫੀਸਦੀ ਕਰਜਾ ਖੇਤੀ ਉਤਪਾਦਨ ਜਾਂ ਮਸ਼ੀਨੀਕਰਨ ਲਈ ਲਿਆ ਗਿਆ ਸੀ ਜਿਸ ਵਿੱਚ 12.7% ਟਰੈਕਟਰ, 44% ਖੇਤੀ ਇਨਪੁਟ (ਇਸ ਬੀਜ ,ਖਾਦ, ਕੀਟਨਾਸ਼ਕ ਵਗੈਰਾ ਸ਼ਾਮਿਲ ਹੁੰਦੇ ਹਨ), ਸਿੰਚਾਈ ਲਈ 2.47% ਅਤੇ 15.53% ਫੁਟਕਲ ਖਰਚਿਆਂ ਲਈ ਸੀ । ਖਪਤ ਵਾਲੇ ਹਿਸੇ ਵਿਚ 10.3 ਫੀਸਦੀ ਘਰ ਬਣਾਉਣ, ਵਿਆਹਾਂ ਸ਼ਾਦੀਆਂ ਲਈ 7.7% ਅਤੇ ਘਰੇਲੂ ਖਰਚਿਆਂ ਲਈ 3.7% ਸੀ।
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਰਿਪੋਰਟ ਦੇ ਤੱਥ ਕਿਸਾਨਾਂ ਖਿਲਾਫ ਵਿੱਢੇ ਕੂੜ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਹਨ, ਜਿਸ ਵਿਚ ਕਿਸਾਨਾਂ ਨੂੰ ਫ਼ਜ਼ੂਲ ਖਰਚੀ ਵਾਸਤੇ ਕਰਜ਼ੇ ਲੈਣ ਵਾਲੇ ਕਿਹਾ ਜਾਂਦਾ ਹੈ। ਕੁਲੀਨ ਵਰਗ ਦੇ ਕਈ ਆਪ ਬਣੇ ਗਿਆਨੀ ਸਸਤੇ ਵਿਆਹ ਸ਼ਾਦੀਆਂ ਵਾਲੇ ਨਾਅਰੇ ਘੜਦੇ ਹੋਏ ਕਿਸਾਨਾਂ ਨੂੰ ਭੰਡਦੇ ਹਨ। ਇਹ ਰਿਪੋਰਟ ਉਹਨਾਂ ਲੀਡਰਾਂ ਨੂੰ ਜਵਾਬ ਹੈ, ਜਿਹੜੇ ਕਹਿੰਦੇ ਹਨ ਕਿ ਘਰੇਲੂ ਕਲੇਸ਼ ਕਾਰਨ ਖੁਦਕਸ਼ੀਆਂ ਹੋ ਰਹੀਆਂ ਹਨ, ਕਿਉਂਕਿ ਸਰਵੇ ਅਨੁਸਾਰ 88% ਖ਼ੁਦਕੁਸ਼ੀਆਂ ਕਰਜ਼ੇ ਕਰਕੇ ਹੀ ਹੋਈਆਂ ਹਨ, ਜਿਸ ਵਿਚ ਘਰੇਲੂ ਕਲੇਸ਼ 17.18%, ਫ਼ਸਲ ਦਾ ਖ਼ਰਾਬਾ 8.32 %, ਬਿਮਾਰੀ 6.27% ਅਤੇ ਜ਼ਮੀਨ ਕੁਰਕੀ 3.63 % ਖੁਦਕਸ਼ੀ ਦਾ ਕਾਰਨ ਰਿਹਾ।
ਆਗੂਆਂ ਨੇ ਕਿਹਾ ਕਿ ਖੁਦਕਸ਼ੀਆਂ ਕਰਨ ਵਾਲੇ 75 ਫੀਸਦੀ (19 ਤੋਂ 35 ਸਾਲ) ਕਿਸਾਨ ਨੌਜਵਾਨ ਹੀ ਸਨ ਅਤੇ ਇਹਨਾਂ ਵਿਚੋਂ 75 % ਅਨਪੜ ਜਾਂ ਪ੍ਰਾਇਮਰੀ ਤਕ ਹੀ ਪੜ੍ਹੇ ਹੋਏ ਸਨ । ਸਿਰਫ 1 ਫੀਸਦੀ ਹੀ ਗ੍ਰੈਜੂਏਟ ਸਨ। ਇਸ ਤੋਂ ਸਾਫ ਜਾਹਿਰ ਹੈ ਕਿ ਇਹਨਾਂ ਨੂੰ ਸਿੱਖਿਆ ਪ੍ਰਾਪਤ ਨਹੀਂ ਹੋਈ, ਜਿਸ ਕਾਰਨ ਸਿਰਫ ਖੇਤੀ ਹੀ ਇਹਨਾਂ ਦੀ ਉਪਜੀਵਕਾ ਸੀ ਅਤੇ ਉਥੋਂ ਅਸਫਲ ਅਤੇ ਕਰਜ਼ਾਈ ਹੋਣ ਦੀ ਸੂਰਤ ਵਿੱਚ ਇਹਨਾਂ ਨੇ ਇਹ ਘਾਤਕ ਕਦਮ ਚੁੱਕੇ।
ਜਿਹਨਾਂ ਕਾਰਨ ਇਹਨਾਂ ਪੀੜਿਤਾਂ ਦੇ 11% ਬੱਚਿਆਂ ਨੂੰ ਪੜ੍ਹਾਈ ਛੱਡਣੀ ਪਈ ਅਤੇ 3.4 ਫੀਸਦੀ ਕੇਸਾਂ ਵਿੱਚ ਵਿਆਹ ਸ਼ਾਦੀ ਲਈ ਰਿਸ਼ਤੇ ਲੱਭਣ ਵਿਚ ਦਿੱਕਤ ਆਈ, ਕਿਉਂਕਿ ਆਪਣੇ ਸਮਾਜਕ ਤਾਣੇ ਬਾਣੇ ਵਿੱਚ ਆਰਥਿਕ ਤੌਰ 'ਤੇ ਟੁੱਟੇ ਪਰਿਵਾਰ ਨਾਲ ਰਿਸ਼ਤਾ ਜੋੜਨ ਤੋਂ ਲੋਕ ਸੰਕੋਚ ਕਰਦੇ ਹਨ। ਇਸ ਲਈ ਮੁੜ ਘੁੰਮ ਘੁਮਾ ਕੇ ਸਥਿਤੀ ਫਿਰ ਖੁਦਕਸ਼ੀਆਂ ਵੱਲ ਨੂੰ ਧੱਕਣ ਵਾਲੀ ਬਣ ਜਾਂਦੀ ਹੈ। ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਕਰਜ਼ੇ 'ਤੇ ਲਕੀਰ ਫੇਰ ਕੇ ਖੇਤੀ ਵਿੱਚ ਸਰਕਾਰੀ ਨਿਵੇਸ਼ ਨਾਲ ਖੇਤੀ ਨੂੰ ਲਾਹੇਵੰਦ ਬਣਾਇਆ ਜਾਵੇ।