ਕੈਨੇਡਾ: ਬਰੈਂਪਟਨ ਵਿਖੇ ਚੇਤਨਾ ਪੁਸਤਕ ਮੇਲਾ ਸ਼ਾਨੋ ਸ਼ੌਕਤ ਨਾਲ ਸ਼ੁਰੂ
ਪਹਿਲੇ ਦਿਨ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਨੇ ਕੀਤਾ ਪੁਸਤਕਾਂ ਦਾ ਸਵਾਗਤ
ਹਰਦਮ ਮਾਨ,ਬਾਬੂਸ਼ਾਹੀ ਨੈਟਵਰਕ
ਬਰੈਂਪਟਨ, 24 ਜੂਨ 2022- ਗੁਲਾਟੀ ਪਬਲਿਸ਼ਰਜ਼ ਲਿਮਿਟਡ ਸਰੀ ਵੱਲੋਂ ਰਾਮਗੜ੍ਹੀਆ ਫਾਉਂਡੇਸ਼ਨ ਦੇ ਸਹਿਯੋਗ ਨਾਲ ਬਰੈਂਪਟਨ ਵਿਚ ਚੇਤਨਾ ਪੁਸਤਕ ਮੇਲਾ ਲਾਇਆ ਗਿਆ ਹੈ। ਰਾਮਗੜ੍ਹੀਆ ਭਵਨ (#40 -7056 ਟੋਰਬਰਮ ਰੋਡ) ਵਿਖੇ 23 ਜੂਨ ਤੋਂ ਸ਼ੁਰੂ ਹੋਏ ਇਸ ਮੇਲੇ ਵਿਚ ਜੀ.ਟੀ.ਏ. ਦੇ ਪਾਠਕਾਂ ਲਈ ਹਜ਼ਾਰਾਂ ਪੁਸਤਕਾਂ ਦਾ ਬੇਸ਼-ਕੀਮਤੀ ਖਜ਼ਾਨਾ ਪਹੁੰਚਿਆ ਹੈ। ਇਸ ਪੁਸਤਕ ਮੇਲੇ ਵਿਚ ਦਸ ਹਜ਼ਾਰ ਦੇ ਕਰੀਬ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਟਾਈਟਲ ਰੱਖੇ ਗਏ ਹਨ ਜਿਨ੍ਹਾਂ ਵਿੱਚ ਵੱਡੇ ਲੇਖਕਾਂ ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ, ਮਨਮੋਹਨ ਬਾਵਾ, ਸੋਹਣ ਸਿੰਘ ਸੀਤਲ, ਬਲਦੇਵ ਸਿੰਘ, ਕੇ.ਐਲ. ਗਰਗ, ਗੁਰਸ਼ਰਨ ਸਿੰਘ, ਡਾ. ਸਵਰਾਜਬੀਰ, ਪਾਲੀ ਭੁਪਿੰਦਰ ਸਿੰਘ, ਰਾਣਾ ਰਣਬੀਰ, ਕੇਵਲ ਧਾਲੀਵਾਲ, ਡਾ. ਮਨਮੋਹਨ, ਰਾਮ ਸਿੰਘ, ਸ਼ਿਵ ਕੁਮਾਰ ਬਟਾਲਵੀ, ਡਾ. ਜਗਤਾਰ, ਸੁਰਜੀਤ ਪਾਤਰ, ਜਸਵੰਤ ਜਫ਼ਰ, ਗੁਰਤੇਜ ਕੋਹਾਰਵਾਲਾ, ਕੁਲਵਿੰਦਰ, ਜਸਵਿੰਦਰ, ਪਰਮਿੰਦਰ ਸੋਢੀ, ਕੁਲਵੰਤ ਸਿੰਘ ਵਿਰਕ, ਰਾਮ ਸਰੂਪ ਅਣਖੀ, ਕਿਰਪਾਲ ਕਜ਼ਾਕ ਅਤੇ ਸਾਹਿਤ ਅਕਾਦਮੀ ਪੁਰਸਕਾਰ ਨਾਲ ਪੁਰਸਕ੍ਰਿਤ ਪੁਸਤਕਾਂ ਤੋਂ ਇਲਾਵਾ ਕੈਨੇਡਾ ਰਹਿੰਦੇ ਲੇਖਕਾਂ ਦੀਆਂ ਸੈਕੜੇ ਪੁਸਤਕਾਂ ਪ੍ਰੇਮੀਆਂ ਨਾਲ ਸਾਂਝ ਪਾਉਣਗੀਆਂ। ਇਹ ਪੁਸਤਕ ਮੇਲਾ 31 ਜੁਲਾਈ ਤੱਕ ਸ਼ਬਦ, ਸਾਹਿਤ ਅਤੇ ਪਾਠਕਾਂ ਵਿੱਚ ਪੁਲ ਦਾ ਕੰਮ ਕਰਨ ਦੀ ਕੋਸ਼ਿਸ਼ ਜਾਰੀ ਰੱਖੇਗਾ। ਪਾਠਕਾਂ ਨਾਲ ਨਵੀਂ ਸਾਂਝ ਪਾਉਣ ਲਈ ਪੰਜ ਹਫ਼ਤੇ ਲਗਾਤਾਰ ਪੁਸਤਕਾਂ ਸਾਹਿਤ ਸਭਿਆਚਾਰ ਅਤੇ ਇਤਿਹਾਸ ਦੇ ਪਾਠਕਾਂ ਦੇ ਚਿਹਰੇ ਪੜ੍ਹਦੀਆਂ ਨਜ਼ਰ ਆਉਣਗੀਆਂ।
ਚੇਤਨਾ ਪੁਸਤਕ ਮੇਲੇ ਦੇ ਪਹਿਲੇ ਦਿਨ ਲੇਖਕਾਂ, ਪਾਠਕਾਂ ਦਾ ਆਪਸੀ ਸੰਵਾਦ ਵੀ ਹੋਇਆ ਅਤੇ ਨਵੇਂ ਪੁਰਾਣੇ ਚਿਹਰਿਆਂ ਦੇ ਪੁਸਤਕਾਂ ਰੁਬਰੂ ਵੀ ਹੋਈਆਂ। ਇਸ ਮੇਲੇ ਵਿਚ ਸ਼ਾਮਲ ਹੋ ਕੇ ਜਸਵਿੰਦਰ ਸਿੱਧੂ, ਕਮਲ ਸਿੱਧੂ, ਮਨਪ੍ਰੀਤ ਮਿਨਹਾਸ, ਇਕਬਾਲ ਮਾਹਲ, ਗੁਰਦੇਵ ਚੌਹਾਨ, ਗੁਰਦਿਆਲ ਬੱਲ, ਬਲਰਾਜ ਚੀਮਾ, ਸੁਭਾਸ਼ ਸ਼ਰਮਾ, ਦਿਲਜੀਤ ਸਿੰਘ ਜੀਤੀ, ਸਰਬਜੀਤ ਕੌਰ, ਸੁਖਿੰਦਰ, ਇਕਬਾਲ ਮਾਹਲ, ਜੋਗਿੰਦਰ ਸਿੰਘ ਤੂਰ, ਕੁਲਦੀਪ ਸਿੰਘ ਮੁੰਡੀ, ਦਲਜੀਤ ਸਿੰਘ ਗੈਦੋ, ਹਰਦਿਆਲ ਸਿੰਘ ਝੀਤਾ, ਮਨਜੀਤ ਮਾਹਲ, ਜਰਨੈਲ ਸਿੰਘ ਮਣਕੂ, ਜਸਬੀਰ ਸਿੰਘ ਸੈਂਭੀ, ਬਲਦੇਵ ਸਿੰਘ ਮਣਕੂ ਅਤੇ ਹੋਰ ਬਹੁਤ ਸਾਰੇ ਪੁਸਤਕ ਹਿਤੈਸ਼ੀਆਂ ਨੇ ਰੌਣਕ ਵਿਚ ਵਾਧਾ ਕੀਤਾ। ਪ੍ਰਸਿੱਧ ਚਿੰਤਕ ਗੁਰਦਿਆਲ ਬੱਲ ਨੇ ਇਸ ਮੌਕੇ ਕਿਹਾ ਕਿ ਤਿੰਨ ਸਾਲ ਬਾਅਦ ਏਨੀਆਂ ਪੁਸਤਕਾਂ ਦਾ ਖਜ਼ਾਨਾ ਦੇਖ ਕੇ ਲੱਗਦਾ ਹੈ ਕਿ ਬਹੁਤ ਸਾਰੇ ਦੋਸਤਾਂ ਨੂੰ ਮਿਲਣ ਦਾ ਸਬੱਬ ਬਣੇਗਾ ਅਤੇ ਚਿੰਤਨ ਦੇ ਪੱਧਰ ‘ਤੇ ਬਹੁਤ ਕੁਝ ਪੜ੍ਹਨ ਨੂੰ ਮਿਲੇਗਾ। ਪੁਸਤਕ ਮੇਲੇ ਦੇ ਸੰਚਾਲਕ ਸਤੀਸ਼ ਗੁਲਾਟੀ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਨਵੇਂ ਵਿਦਿਆਰਥੀਆਂ ਦਾ ਆਉਣਾ ਅਤੇ ਸਾਹਿਤ ਨਾਲ ਪੂਰੀ ਸ਼ਿੱਦਤ ਨਾਲ ਜੁੜਨਾ ਇਹ ਦਰਸਾਉਂਦਾ ਹੈ ਕਿ ਪੰਜਾਬੀ ਨੂੰ ਕੋਈ ਖਤਰਾ ਨਹੀਂ। ਮੇਲੇ ਬਾਰੇ ਕਿਸੇ ਵੀ ਜਾਣਕਾਰੀ ਲਈ ਸਤੀਸ਼ ਗੁਲਾਟੀ ਨਾਲ 604 750 0189, 91 98152-98459 ਜਾਂ gulatipublishersltd@gmail.com, chetnaparkashan@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com