ਵਿਧਾਨ ਸਭਾ ਸੈਸ਼ਨ : ਰੇਤ ਮਾਈਨਿੰਗ ਨੂੰ ਲੈ ਕੇ ਸੁੱਖ ਸਰਕਾਰੀ ਤੇ ਹਰਜੋਤ ਬੈਂਸ ਹੋਏ ਆਹਮੋ ਸਾਹਮਣੇ
ਚੰਡੀਗੜ੍ਹ, 25 ਜੂਨ, 2022: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਪ੍ਰਸ਼ਨ ਕਾਲ ਦੌਰਾਨ ਸਾਬਕਾ ਮੰਤਰੀ ਸੁੱਖ ਸਰਕਾਰੀ ਤੇ ਮੌਜੂਦਾ ਮਾਈਨਿੰਗ ਮੰਤਰੀ ਹਰਜੋਤ ਬੈਂਸ ਆਹਮੋ ਸਾਹਮਣੇ ਹੋ ਗਏ।
ਸਰਕਾਰੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਹਰਜੋਤ ਬੈਂਸ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਵਿਚ ਰੇਤਾ 28 ਤੋਂ 29 ਰੁਪਏ ਤੇ ਬਜਰੀ 29 ਤੋਂ 30 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਵਿਕ ਰਹੀ ਹੈ ਤੇ 3 ਮਹੀਨਿਆਂ ਵਿਚ 30 ਕਰੋੜ ਮਾਲੀਆ ਮਾਈਨਿੰਗ ਤੋਂ ਇਕੱਠਾ ਹੋਇਆ ਹੈ।
ਸੁੱਖ ਸਰਕਾਰੀਆ ਨੇ ਅੱਗੋਂ ਸਵਾਲ ਕੀਤਾ ਕਿ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਰੇਤਾ 10 ਰੁਪਏ ਫੁੱਟ ਮਿਲੇਗਾ, ਉਹ ਕਦੋਂ ਤੋਂ ਮਿਲੇਗਾ। ਦੂਜਾ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਮਾਈਨਿੰਗ ਤੋਂ 20 ਹਜ਼ਾਰ ਕਰੋੜ ਆਮਦਨ ਹੋਵੇਗੀ, ਉਹ ਕਦੋਂ ਤੋਂ ਸ਼ੁਰੂ ਹੋਵੇਗੀ।
ਜਵਾਬ ਵਿਚ ਹਰਜੋਤ ਬੈਂਸ ਨੇ ਕਿਹਾ ਕਿ ਉਹ ਬਜਟ ਪੇਸ਼ ਹੋਣ ਮਗਰੋਂ ਇਸ ਸਾਰੇ ਮਾਮਲੇ ’ਤੇ ਅੰਕੜਿਆਂ ਸਮੇਤ ਆਪਣਾ ਬਿਆਨ ਦੇਣਗੇ। ਇਸ ਬਹਿਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਉੱਛਲਿਆ ਤੇ ਅਮਨ ਅਰੋੜਾ ਦਾਅਵਾ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਕੋਲ 10-12 ਸਫ਼ਿਆਂ ਦੀ ਮਾਈਨਿੰਗ ਕਰਨ ਵਾਲਿਆਂ ਦੀ ਲਿਸਟ ਹੈ। ਇਸ ’ਤੇ ਪ੍ਰਤਾਪ ਸਿੰਘ ਬਾਜਵਾ ਉੱਠ ਖੜ੍ਹੇ ਹੋਏ ਤੇ ਉਹਨਾਂ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਾਰਵਾਈ ਤੋਂ ਹੀ ਮਾਈਨਿੰਗ ਮਾਫ਼ੀਆ ਖਿਲਾਫ ਕਾਰਵਾਈ ਦੀ ਸ਼ੁਰੂਆਤ ਕਰਨ ਦੀ ਜੁਰਅਤ ਵਿਖਾਉਣ।