ਮਹਾਰਾਸ਼ਟਰ ਸਿਆਸੀ ਸੰਕਟ ਉਲਝਿਆ : ਮੁੰਬਈ 'ਚ ਧਾਰਾ 144 ਲਾਗੂ
ਮੁੰਬਈ, 25 ਜੂਨ 2022 : ਮਹਾਰਾਸ਼ਟਰ ਵਿੱਚ ਰਾਜਨੀਤਿਕ ਟਕਰਾਅ ਜਾਰੀ ਹੈ। ਗੁਹਾਟੀ 'ਚ ਬੈਠੇ ਏਕਨਾਥ ਸ਼ਿੰਦੇ ਜਿੱਥੇ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ, ਉੱਥੇ ਹੀ ਮੁੱਖ ਮੰਤਰੀ ਊਧਵ ਠਾਕਰੇ ਨੇ ਵੀ ਬਾਗੀ ਵਿਧਾਇਕਾਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਸ਼ਿਵ ਸੈਨਾ ਨੇ ਅੱਜ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਵੀ ਬੁਲਾਈ ਹੈ, ਦੂਜੇ ਪਾਸੇ ਪਾਰਟੀ ਦੇ 16 ਵਿਧਾਇਕਾਂ ਨੂੰ ਅਯੋਗ ਠਹਿਰਾਉਣ ਲਈ ਅੱਜ ਨੋਟਿਸ ਜਾਰੀ ਹੋ ਸਕਦੇ ਹਨ। ਇਸ ਦੇ ਖਿਲਾਫ ਏਕਨਾਥ ਸ਼ਿੰਦੇ ਧੜੇ ਨੇ ਵੀ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਜੀਰਵਾਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਜਿਹੇ 'ਚ ਸਭ ਦੀਆਂ ਨਜ਼ਰਾਂ ਅੱਜ ਹੋਣ ਵਾਲੇ ਘਟਨਾਕ੍ਰਮ 'ਤੇ ਟਿਕੀਆਂ ਹੋਣਗੀਆਂ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਸ਼ਨੀਵਾਰ ਨੂੰ ਗੁਹਾਟੀ ਦੇ ਇੱਕ ਹੋਟਲ ਵਿੱਚ ਸ਼ਿਵ ਸੈਨਾ ਦੇ ਬਾਗੀ ਨੇਤਾਵਾਂ ਦੇ ਠਹਿਰਨ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਹਾਟੀ ਵਿੱਚ 200 ਹੋਟਲ ਹਨ ਅਤੇ ਸਾਰਿਆਂ ਵਿੱਚ ਮਹਿਮਾਨ ਹਨ। ਹੁਣ ਜਦੋਂ ਅਸਾਮ ਵਿੱਚ ਹੜ੍ਹ ਆ ਗਿਆ ਹੈ ਤਾਂ ਮੈਂ ਕੀ ਕਹਿ ਕੇ ਹੋਟਲ ਤੋਂ ਲੋਕਾਂ ਨੂੰ ਭੇਜਾਂ ? ਅਸਾਮ ਦੇ ਲੋਕ ਬਿੱਲ ਨਹੀਂ ਭਰ ਰਹੇ, ਸਗੋਂ ਉਨ੍ਹਾਂ ਤੋਂ ਪੈਸੇ ਲੈ ਰਹੇ ਹਨ।
ਮਹਾਰਾਸ਼ਟਰ ਦੇ ਠਾਣੇ 'ਚ ਸ਼ਿਵ ਸੈਨਾ ਦੇ ਬਾਗੀ ਨੇਤਾ ਏਕਨਾਥ ਸ਼ਿੰਦੇ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਉਹ ਇਸ ਸਮੇਂ ਰਾਜ ਦੇ ਹੋਰ ਬਾਗੀ ਵਿਧਾਇਕਾਂ ਦੇ ਨਾਲ ਅਸਾਮ ਦੇ ਗੁਹਾਟੀ ਦੇ ਰੈਡੀਸਨ ਬਲੂ ਹੋਟਲ ਵਿੱਚ ਠਹਿਰੇ ਹੋਏ ਹਨ।
ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦਾ ਅੰਦਰੂਨੀ ਕਲੇਸ਼ ਹੁਣ ਹਿੰਸਾ ਵਿੱਚ ਬਦਲ ਗਿਆ ਹੈ। ਕਈ ਥਾਵਾਂ 'ਤੇ ਸ਼ਿਵ ਸੈਨਾ ਵਰਕਰਾਂ ਨੇ ਬਾਗੀ ਨੇਤਾਵਾਂ ਦੇ ਟਿਕਾਣਿਆਂ 'ਤੇ ਹਮਲੇ ਕੀਤੇ। ਇਸ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੁੰਬਈ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਸ਼ਿਵ ਸੈਨਾ ਦੀ ਅਸਾਮ ਪ੍ਰਦੇਸ਼ ਇਕਾਈ ਦੇ ਮੁਖੀ ਰਾਮ ਨਰਾਇਣ ਸਿੰਘ ਨੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਵਾਪਿਸ ਆਉਣ ਲਈ ਬਾਗ਼ੀ ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨੂੰ ਪੱਤਰ ਲਿਖਿਆ ਹੈ। ਇਸ ਦੌਰਾਨ ਅਸਾਮ ਦੇ ਗੁਹਾਟੀ ਵਿੱਚ ਰੈਡੀਸਨ ਬਲੂ ਹੋਟਲ ਦੇ ਬਾਹਰ ਐਨਸੀਪੀ ਅਤੇ ਸ਼ਿਵ ਸੈਨਾ ਦੀਆਂ ਅਸਾਮ ਇਕਾਈਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਬਾਅਦ ਵਿਚ ਉਸ ਨੂੰ ਮੌਕੇ ਤੋਂ ਹਟਾ ਦਿੱਤਾ ਗਿਆ। ਮਹਾਰਾਸ਼ਟਰ ਦੇ ਬਾਗੀ ਵਿਧਾਇਕ ਫਿਲਹਾਲ ਇਸ ਹੋਟਲ 'ਚ ਠਹਿਰੇ ਹੋਏ ਹਨ।