IAS ਪੋਪਲੀ ਦੇ ਘਰੋਂ ਮਿਲਿਆ ਸਾਢੇ 12 ਕਿਲੋ ਸੋਨਾ, ਸੋਨੇ ਦੀਆਂ 9 ਇੱਟਾਂ, 49 ਬਿਸਕੁਟ, ਚਾਂਦੀ ਦੀਆਂ 3 ਇੱਟਾਂ ਅਤੇ 3.50 ਲੱਖ ਦੀ ਨਕਦੀ ਬਰਾਮਦ
ਚੰਡੀਗੜ੍ਹ, 25 ਜੂਨ 2022 - ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਸਾਢੇ 12 ਕਿਲੋ ਸੋਨਾ ਬਰਾਮਦ ਹੋਇਆ ਹੈ। ਪੋਪਲੀ ਦੇ ਘਰੋਂ ਸੋਨੇ ਦੀਆਂ 9 ਇੱਟਾਂ, 3.16 ਕਿਲੋ ਸੋਨੇ ਦੇ 49 ਬਿਸਕੁਟ ਅਤੇ 356 ਗ੍ਰਾਮ ਦੇ 12 ਸੋਨੇ ਦੇ ਸਿੱਕੇ ਮਿਲੇ ਹਨ। ਇਸ ਤੋਂ ਇਲਾਵਾ ਇੱਕ ਕਿਲੋ ਚਾਂਦੀ ਦੀਆਂ 3 ਇੱਟਾਂ ਵੀ ਬਰਾਮਦ ਹੋਈਆਂ ਹਨ। 10-10 ਗ੍ਰਾਮ ਦੇ ਚਾਂਦੀ ਦੇ ਸਿੱਕੇ ਵੀ ਬਰਾਮਦ ਕੀਤੇ ਗਏ ਹਨ।
ਇਸ ਦੇ ਨਾਲ ਹੀ 4 ਆਈਫੋਨ ਅਤੇ 3.50 ਲੱਖ ਰੁਪਏ ਦੀ ਨਕਦੀ ਵੀ ਮਿਲੀ ਹੈ। ਇਹ ਬਰਾਮਦਗੀ ਮਕਾਨ ਨੰਬਰ 520, ਸੈਕਟਰ 11ਬੀ, ਪੋਪਲੀ ਦੇ ਸਟੋਰ ਰੂਮ ਵਿੱਚ ਪਏ ਕਾਲੇ ਚਮੜੇ ਦੇ ਬੈਗ ਵਿੱਚੋਂ ਹੋਈ ਹੈ। ਉਸਨੂੰ ਲੁਕਾ ਕੇ ਰੱਖਿਆ ਗਿਆ ਸੀ। ਇਸ ਬਰਾਮਦਗੀ ਦੌਰਾਨ ਪੋਪਲੀ ਦੇ ਪੁੱਤਰ ਦੀ ਗੋਲੀ ਲੱਗਣ ਕਾਰਨ ਮੌਤ ਵੀ ਹੋ ਗਈ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਰਤਿਕ ਨੇ ਖੁਦ ਨੂੰ ਗੋਲੀ ਮਾਰ ਲਈ ਹੈ। ਪੋਪਲੀ ਨੂੰ ਕੁਝ ਸਮੇਂ ਬਾਅਦ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।