ਰਾਏਖਾਨਾ ਦੇ ਆਮ ਇਜਲਾਸ ’ਚ ਵਾਤਾਵਰਨ ਤੇ ਪਾਣੀ ਬਚਾਉਣ ਦਾ ਸੰਕਲਪ
ਅਸ਼ੋਕ ਵਰਮਾ
ਬਠਿੰਡਾ,25 ਜੂਨ2022: ਪਿੰਡ ਰਾਏ ਖਾਨਾ ਦੀ ਕੌਮੀ ਪੁਰਸਕਾਰ ਵਿਜੇਤਾ ਗ੍ਰਾਮ ਪੰਚਾਇਤ ਨੇ ਗ੍ਰਾਮ ਸਭਾ ਦੇ ਆਮ ਇਜਲਾਸ ਚ, ਵਾਤਾਵਰਨ ਨੂੰ ਸ਼ੁੱਧ ਬਨ੍ਹਾਉਣ ਤੇ ਪਾਣੀ ਨੂੰ ਬਚਾਉਣ ਦਾ ਸੰਕਲਪ ਲਿਆ । ਸਹਿਕਾਰੀ ਸੁਸਾਇਟੀ ਦੇ ਹਾਲ ਵਿੱਚ ਕੀਤੇ ਗਏ ਆਮ ਇਜਲਾਸ ਦੀ ਪ੍ਰਧਾਨਗੀ ਸਰਪੰਚ ਮਲਕੀਤ ਖਾਨ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਨੈਸ਼ਨਲ ਐਵਾਰਡੀ ਸਾਬਕਾ ਸਰਪੰਚ ਰਣਜੀਤ ਸਿੰਘ ਤਾਮਕੋਟ ਨੇ ਹਾਜਰੀ ਲਗਵਾਈ । ਆਮ ਇਜਲਾਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਗ੍ਰਾਮ ਸਭਾ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ।
ਪਿੰਡ ਦੀ ਵਿਉਂਤਬੰਦੀ ਦਾ ਖਾਕਾ ਗ੍ਰਾਮ ਸਭਾ ਦੇ ਮੈਂਬਰਾਂ ਨੇ ਖੁਦ ਉਲੀਕਿਆ ਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਦਾ ਮਤਾ ਪਾਸ ਕਰਦਿਆਂ ਪੰਚਾਇਤੀ ਜਮੀਨ ਦੇ 2 ਏਕੜ ਰਕਬੇ ਵਿੱਚ ਜੰਗਲ ਬਨ੍ਹਾਉਣ ਅਤੇ ਸਾਂਝੀਆ ਥਾਂਵਾਂ ਤੇ ਰੁੱਖ ਲਾਉਣ ਲਈ ਹਰੀ ਭਰੀ ਪੰਚਾਇਤ ਬਨ੍ਹਾਉਣ ਦਾ ਫੈਸਲਾ ਲਿਆ। ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸਥਿਰ ਕਰਨ ਦੇ ਮਕਸਦ ਨਾਲ ਸਾਂਝੀਆਂ ਤੇ ਸਰਕਾਰੀ ਥਾਂਵਾਂ ਤੇ ਰੇਨ ਵਾਟਰ ਰੀਚਾਰਜ ਪਿਟ ਬਨ੍ਹਾਉਣ ਤੇ ਪਾਣੀ ਭਰਪੂਰ ਪਿੰਡ ਬਨ੍ਹਾਉਣ ਦਾ ਸੰਕਲਪ ਲਿਆ ।
ਸੁਖਜੀਤ ਸਿੰਘ ਪੰਚ ਨੇ ਪਿਛਲੇ ਵਿੱਤੀ ਸਾਲ ਦੇ ਆਮਦਨ ਅਤੇ ਖਰਚ ਦੇ ਵੇਰਵੇ ਪੜ੍ਹ ਕੇ ਸੁਣਾਏ ਤੇ ਚਾਲੂ ਸਾਲ ਦੋਰਾਂਨ ਕੀਤੇ ਜਾਣ ਵਾਲੇ ਕੰਮਾਂ ਵਾਰੇ ਗ੍ਰਾਮ ਸਭਾ ਦੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਨਾਜਾਇਜ਼ ਕਬਜ਼ਾ ਛੱਡਣ ਵਾਲੇ ਪਿੰਡ ਦੇ 12 ਪ੍ਰੀਵਾਰਾਂ ਅਤੇ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਵਾਲੇ ਕਿਸਾਨਾਂ ਨੂੰ ਗ੍ਰਾਮ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਗਿਆ । ਸਾਬਕਾ ਸਰਪੰਚ ਰਣਜੀਤ ਸਿੰਘ ਤਾਮਕੋਟ ਨੇ ਸਭਾ ਦੇ ਮੈਂਬਰਾਂ ਨੂੰ ਗ੍ਰਾਮ ਸਭਾ ਦੀ ਭੂਮਿਕਾ ਅਤੇ ਮਗਨਰੇਗਾ ਤਹਿਤ ਕੀਤੇ ਜਾਂਦੇ ਕੰਮਾਂ ਦੀ ਜਾਣਕਾਰੀ ਤੋ ਇਲਾਵਾ ਲੋਕਾਂ ਦੀ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰੀ ਯੋਜਨਾਵਾਂ ਬਾਰੇ ਵੀ ਚਾਨਣਾ ਪਾਇਆ ।
ਸਹਿਕਾਰੀ ਸੁਸਾਇਟੀ ਬੱਲ੍ਹੋ ਦੇ ਸਕੱਤਰ ਭੁਪਿੰਦਰ ਸਿੰਘ ਜਟਾਣਾ ਨੇ ਮਹਿਕਮੇ ਦੀਆਂ ਸਕੀਮਾਂ ਤੇ ਸਮਾਜਿਕ ਮੁੱਦਿਆਂ ਤੇ ਚਰਚਾ ਕੀਤੀ । ਡਾਕਟਰ ਰਮਨਵੀਰ ਕੌਰ ਨੇ ਸਿਹਤ ਸਭਾਵਾਂ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ । ਪਿੰਡ ਦੀ ਬੇਹਤਰੀ ਲਈ ਗ੍ਰਾਮ ਸਭਾ ਦੇ ਮੈਂਬਰਾਂ ਨੇ ਅੰਮ੍ਰਿਤ ਸਰੋਵਰ ਬਨਾਉਣਾ , ਪੰਚਾਇਤੀ ਜਮੀਨ ਵਿੱਚ ਬਾਗ ਲਾਉਣਾ , ਕੂੜੇ ਕਰਕਟ ਦੀ ਸੰਭਾਲ , ਮਾਡਰਨ ਸੱਥ , ਵੱਖ ਵੱਖ ਭਾਈਚਾਰੇ ਨਾਲ ਸਬੰਧਿਤ ਸ਼ਮਸ਼ਾਨਘਾਟ ਇੱਕ ਕਰਨਾ, ਸ਼ਾਮਲਾਤ ਜਮੀਨ ਦੀ ਨਿਸ਼ਾਨਦੇਹੀ ਕਰਵਾਉਣਾ ਅਤੇ ਵਿਕਾਸ ਕਾਰਜਾਂ ਦੇ ਕੰਮਾਂ ਦੀ ਚੋੋਣ ਕਰਨ ਦੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ ।
ਇਸ ਮੌਕੇ ਪ੍ਰਿੰਸੀਪਲ ਅਮਨਪ੍ਰੀਤ ਸਿੰਘ , ਏੇ ਡੀ ੳ ਸੰਦੀਪ ਸਿੰਘ ,ਐਸ ਬੀ ਆਈ ਕੋਟ ਫੱਤਾ ਦੇ ਮੈਨੇਜਰ ਜਸਪ੍ਰੀਤ ਸਿੰਘ ਸਰਾਂ , ਵਾਟਰ ਸਪਲਾਈ ਤੇ ਸੈਨੀਟੇਸ਼ਨ ਦੇ ਅਧਿਕਾਰੀ ਗੁਰਮੀਤ ਕੌਰ ਤੇ ਜਗਦੇਵ ਸਿੰਘ , ਡਾਕਟਰ ਰਮਨਵੀਰ ਕੌਰ , ਪ੍ਰਧਾਨ ਗੁਰਤੇਜ ਸਿੰਘ ,ਮੈਡਮ ਰੁਪਿੰਦਰ ਕੌਰ, ਵੈਟਨਰੀ ਡਾਕਟਰ ਅਨੁਨਵ ਸੇਵਾ ਮੁਕਤ ਵਣ ਰੇਜ ਅਫਸਰ ਰਾਜਿੰਦਰ ਸਿੰਘ , ਪਰਮਜੀਤ ਸਿੰਘ ਭੁੱਲਰ ਵੀ ਡੀ ੳ ,ਪਰਦੀਪ ਸਿੰਘ ਜੀ ਆਰ ਐਸ , ਪੰਚ ਸੁਖਜੀਤ ਸਿੰਘ , ਧਰਮ ਸਿੰਘ , ਜਗਸੀਰ ਸਿੰਘ, ਗੁਰਜੀਤ ਸਿੰਘ , ਨਸੀਬ ਕੋਰ , ਹਰਮੇਲ ਸਿੰਘ ਜੀ ੳ ਜੀ ਅਤੇ ਗੁਰਦੀਪ ਸਿੰਘ ਘਸੋਖਾਨਾ ਆਦਿ ਹਾਜਰ ਸਨ ।