ਵੱਖ ਮਾਮਲਿਆਂ ਵਿੱਚ ਦੋ ਸਮੱਗਲਰਾਂ ਹੈਰੋਇਨ ਅਤੇ ਸ਼ਰਾਬ ਸਮੇਤ ਕਾਬੂ
ਜਲੰਧਰ 26 ਜੂਨ 2022- ਜਿਲ੍ਹਾ ਪੁਲਿਸ ਕਪਤਾਨ ਵਲੋਂ ਨਸ਼ਾ ਸਮਗਲਰਾਂ ਨੂੰ ਖ਼ਤਮ ਕਰਨ ਦੀ ਮੁਹਿੰਮ ਨੂੰ ਲੈ ਕੇ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਦੋ ਸਮੱਗਲਰਾਂ ਨੂੰ ਕਾਬੂ ਕੀਤਾ ਹੈ। ਜਿਨ੍ਹਾਂ ਵਿਚੋਂ ਇਕ ਤਸਕਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ ਜਦਕਿ ਦੂਜੇ ਦੋਸ਼ੀ ਨੂੰ ਸ਼ਰਾਬ ਦੀ ਤਸਕਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਹੈਰੋਇਨ ਅਤੇ ਸ਼ਰਾਬ ਵੀ ਬਰਾਮਦ ਕੀਤੀ ਹੈ। ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਰਨਾਮਦਾਸਪੁਰਾ ਨੇੜੇ ਫਰੈਂਡਜ਼ ਕਲੋਨੀ ਵਿੱਚ ਕੋਈ ਵਿਅਕਤੀ ਕਿਸੇ ਨੂੰ ਹੈਰੋਇਨ ਦੇਣ ਜਾ ਰਿਹਾ ਹੈ। ਇਸ ਨੂੰ ਫੜਨ ਦਾ ਕੰਮ ਸੀਆਈਏ ਸਟਾਫ ਨੂੰ ਸੌਂਪਿਆ ਗਿਆ ਸੀ। ਪੁਲੀਸ ਨੂੰ ਮੁਖਬਰ ਖਾਸ ਤੋਂਮਿਲੀ ਇਤਲਾਹ ਦੇ ਆਧਾਰ ’ਤੇ ਸੀਆਈਏ ਸਟਾਫ਼ ਨੇ ਹਰਨਾਮਦਾਸਪੁਰਾ ਨੇੜੇ ਵਾਈ ਪੁਆਇੰਟ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਕ ਨੌਜਵਾਨ ਜਿਸ ਨੇ ਆਪਣਾ ਨਾਂ ਜਤਿੰਦਰ ਸਿੰਘ ਦੱਸਿਆ, ਉਥੇ ਆ ਗਿਆ। ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕਬਜ਼ੇ ਵਿੱਚੋਂ 60 ਗ੍ਰਾਮ ਮਹਿੰਗੀ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਜਤਿੰਦਰ ਸਿੰਘ ਨੂੰ ਥਾਣਾ ਡਵੀਜ਼ਨ ਨੰਬਰ ਦੋ ਵਿੱਚ ਨਸ਼ਾ ਰੋਕੂ ਐਕਟ (ਐਨਡੀਪੀਐਸ) ਦੀ ਧਾਰਾ 21, 61, 85 ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮ ਜਤਿੰਦਰ ਖ਼ਿਲਾਫ਼ ਪਹਿਲਾਂ ਵੀ ਜਲੰਧਰ ਛਾਉਣੀ ਥਾਣੇ ਵਿੱਚ ਚੋਰੀ ਆਦਿ ਦੇ ਕੇਸ ਦਰਜ ਹਨ।
ਜਲੰਧਰ ਸ਼ਹਿਰੀ ਪੁਲਿਸ ਵੱਲੋਂ ਕਾਜ਼ੀ ਮੰਡੀ ਵਿੱਚ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਬੀਤੇ ਕੱਲ੍ਹ ਵੀ ਪੁਲੀਸ ਨੇ ਨਸ਼ਿਆਂ ਸਬੰਧੀ ਕਾਜ਼ੀ ਮੰਡੀ ਵਿੱਚ ਛਾਪੇਮਾਰੀ ਕੀਤੀ ਸੀ। ਪਰ ਅੱਜ ਪੁਲੀਸ ਨੇ ਮੁੜ ਛਾਪਾ ਮਾਰ ਕੇ ਸਿਮਰਜੀਤ ਸਿੰਘ ਵਾਸੀ ਕਾਜ਼ੀ ਮੰਡੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਸਿਮਰਜੀਤ ਕੋਲੋਂ 45 ਨਜਾਇਜ਼ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ। ਕਾਜ਼ੀ ਮੰਡੀ ਵਿੱਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਸਿਮਰਜੀਤ ਖ਼ਿਲਾਫ਼ ਪਹਿਲਾਂ ਵੀ ਥਾਣਾ ਰਾਮਾਮੰਡੀ ਵਿੱਚ (ਆਬਕਾਰੀ ਐਕਟ) ਤਹਿਤ ਕੇਸ ਦਰਜ ਹੈ।