ਰੂਪਨਗਰ ਸੀਨੀਅਰ ਸਿਟੀਜ਼ਨਜ਼ ਕੌਂਸਲ ਨੇ ਮਨਾਇਆ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ
ਹਰੀਸ਼ ਕਾਲੜਾ
ਰੂਪਨਗਰ 26 ਜੂਨ 2022: ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਨੇ ਹਰ ਸਾਲ ਦੀ ਤਰ੍ਹਾਂ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਦੇ ਸੰਬੰਧ ਵਿੱਚ ਇੱਕ ਸਮਾਗਮ ਜੀ.ਐਸ. ਅਸਟੇਟ, ਬੇਲਾ ਰੋਡ, ਰੋਪੜ ਵਿਖੇ ਕੀਤਾ । ਜਿਸ ਵਿੱਚ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਸੰਬੰਧੀ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਵੱਖ-ਵਖ ਬੁਲਾਰਿਆਂ ਵੱਲੋਂ ਲੈਕਚਰਾਂ, ਕਵਿਤਾਵਾਂ ਅਤੇ ਗੀਤਾਂ ਰਾਹੀਂ ਹਾਜ਼ਰੀਨ ਨੂੰ ਆਪਣਾ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਗਈ। ਸਮਾਗਮ ਵਿੱਚ ਪ੍ਰੋ. ਮਹਿੰਦਰ ਸਿੰਘ ਬਾਗੀ ਚੇਅਰਮੈਨ ਮਹਾਰਾਜ ਬ੍ਰਹਮਾਨੰਦ ਭੂਰੀ ਵਾਲੇ ਐਜੂਕੇਸ਼ਨ ਟਰੱਸਟ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ।
ਡਾ. ਅਜਮੇਰ ਸਿੰਘ ਡਿਪਟੀ ਡਾਇਰੈਕਟਰ (ਰਿਟਾ.) ਅਤੇ ਸ. ਇੰਦਰਪਾਲ ਸਿੰਘ ਚੱਢਾ ਡਾਇਰੈਕਟਰ ਓਵਰਸੀਜ਼ ਐਂਡ ਯੂ.ਐਨ.ਓ. ਅਫੇਅਰਜ਼ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਬਤੌਰ ਵਿਸ਼ੇਸ਼ ਮਹਿਮਾਨ, ਸਮਾਗਮ ਵਿੱਚ ਸ਼ਿਰਕਤ ਕੀਤੀ। ਡਾਕਟਰ ਆਰ.ਐਸ. ਪਰਮਾਰ ਪੈਟਰਨ ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਨੇ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਦੇ ਸੰਬੰਧ ਵਿੱਚ ਭਾਵਪੂਰਨ ਲੈਕਚਰ ਦਿੱਤਾ।
ਕੌਂਸਲ ਪ੍ਰਧਾਨ ਇੰਜ. ਕਰਨੈਲ ਸਿੰਘ ਨੇ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੀਨੀਅਰ ਸਿਟੀਜ਼ਨਜ਼ ਕੌਂਸਲ ਰੂਪਨਗਰ ਦੀਆਂ ਗਤੀਵਿਧੀਆਂ/ਪ੍ਰਾਪਤੀਆਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਸੰਖੇਪ ਵਿੱਚ ਵਰਣਨ ਕੀਤਾ। ਉਨ੍ਹਾਂ ਨੇ ਕੌਂਸਲ ਦੀ ਗਵਰਨਿੰਗ ਬਾਡੀ ਦੇ ਮੈਂਬਰਾਂ, ਸਲਾਹਕਾਰ ਕਮੇਟੀ ਦੇ ਮੈਂਬਰਾਂ ਅਤੇ ਕੌਂਸਲ ਦੇ ਮੈਂਬਰਾਂ ਦਾ ਲਗਾਤਾਰ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ। ਇੰਸਪੈਕਟਰ ਸਮਰਜੀਤ ਸਿੰਘ ਏ.ਐਸ.ਆਈ. ਵੱਲੋਂ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਬਾਰੇ ਇੱਕ ਜਾਗਰੂਕਤਾ ਭਰਿਆ ਲੈਕਚਰ ਦੇ ਕੇ ਵਿਚਾਰ ਸਾਂਝੇ ਕੀਤੇ।
ਹੈਲਪ ਏਜ਼ ਇੰਡੀਆ ਵੱਲੋਂ ਅਸ਼ੋਕ ਪਟਾਲਵੀ ਨੇ ਬਜ਼ੁਰਗਾਂ ਦੇ ਨਾਲ ਹੋ ਰਹੇ ਦੁਰਵਿਵਹਾਰ ਬਾਰੇ ਚਾਨ੍ਹਣਾ ਪਾਇਆ। ਸਚਿਨ ਸ਼ਾਹ ਚੈਨਲ ਵਾਲੇ, ਸ੍ਰੀ ਆਰ.ਸੀ. ਬੱਲੂ, ਸ੍ਰੀ ਸ਼ਿਵ ਕੁਮਾਰ ਅਤੇ ਸ. ਸਰਬੰਸ ਪ੍ਰਤੀਕ ਸਿੰਘ ਚੰਡੀਗੜ੍ਹ ਵਾਲਿਆਂ ਨੇ ਆਪਣੇ ਗੀਤਾਂ ਰਾਹੀਂ ਮੈਂਬਰਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਸੰਬੰਧੀ ਆਪਣਾ ਸੁਨੇਹਾ ਸਮਾਜ ਨੂੰ ਦਿੱਤਾ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ, ਸ. ਇੰਦਰਪਾਲ ਸਿੰਘ ਚੱਢਾ ਨੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਵਿੱਚ ਸ਼੍ਰੀ ਸੋਹਣ ਲਾਲ ਸੰਧੂ, ਡੀ.ਐਸ.ਪੀ. (ਰਿਟਾ.) ਪੰਜਾਬ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ, ਸ. ਚਰਨਜੀਤ ਸਿੰਘ ਰੂਬੀ ਏਕਨੂਰ ਚੈਰੀਟੇਬਲ ਟਰੱਸਟ, ਮਨਿੰਦਰਪਾਲ ਸਿੰਘ ਸਾਹਨੀ ਚੇਅਰਮੈਨ ਕਲਗੀਧਰ ਕੰਨਿਆ ਪਾਠਸ਼ਾਲਾ ਨੇ ਵੀ ਬਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਸਾਂਝੇ ਕੀਤੇ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਅਜਮੇਰ ਸਿੰਘ ਨੇ ਆਪਣੇ ਸਿੱਖਿਆ ਮਹਿਕਮੇ ਅਤੇ ਸੈਣੀ ਭਵਨ ਸੰਸਥਾ ਦੇ ਪ੍ਰਧਾਨ ਦੇ ਤੌਰ ਤੇ ਪ੍ਰਾਪਤ ਤਜ਼ਰਬਿਆਂ ਦੇ ਆਧਾਰਿਤ ਆਪਣੇ ਵਿਚਾਰ ਸਾਂਝੇ ਕੀਤੇ ਤੇ ਬਜ਼ੁਰਗਾਂ ਦੀ ਕਦਰ ਕਰਨ ਦਾ ਸੁਨੇਹਾ ਵੀ ਦਿੱਤਾ।
ਸਮਾਗਮ ਦੌਰਾਨ ਆਏ ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਮਹਿੰਦਰ ਸਿੰਘ ਬਾਗੀ ਜੋ ਕਿ ਮਹਾਰਾਜ ਬ੍ਰਹਮਾਨੰਦ ਭੂਰੀ ਵਾਲੇ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਹਨ, ਨੇ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮੌਕੇ ਆਪਣੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਸਮਾਜ ਨੂੰ ਸੁਨੇਹਾ ਦਿੱਤਾ ਕਿ ਸਭ ਨੇ ਬਜ਼ੁਰਗ ਹੋਣਾ ਹੈ। ਜੇਕਰ ਸਭ ਲਈ ਬਜ਼ੁਰਗ ਹੋਣ ਵਾਲੀ ਉਮਰ ਆਉਣੀ ਹੈ ਤਾਂ ਨੌਜਵਾਨ ਪੀੜ੍ਹੀ ਨੂੰ ਆਪਣੇ ਬੱਚਿਆਂ ਲਈ ਆਦਰਸ਼ ਬਣ ਕੇ ਬਜ਼ੁਰਗਾਂ ਨਾਲ ਵਧੀਆ ਵਿਵਹਾਰ ਕਰਨਾ ਚਾਹੀਦਾ ਹੈ।
ਕੌਂਸਲ ਦੀ ਇੱਕ ਰੀਤ ਅਨੁਸਾਰ ਦੋ ਵਧੀਆ ਪਰਿਵਾਰਾਂ ਨੂੰ (ਮਾਤਾ ਪਿਤਾ ਦੀ ਸੇਵਾ ਕਰਨ ਵਾਲੇ), ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਸ. ਤੇਜ ਈਸ਼ਵਰ ਸਿੰਘ ਵਾਲੀਆ ਨਿਵਾਸੀ ਗੁਰੂ ਨਗਰ ਅਤੇ ਦੂਜਾ ਪ੍ਰੋ. ਭਗਵੰਤ ਸਿੰਘ ਸਤਿਆਲ ਦੇ ਪਰਿਵਾਰ ਨੂੰ ਮੋਮੈਂਟੋ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਕੌਂਸਲ ਵੱਲੋਂ ਆਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਆਦਰ ਸਤਿਕਾਰ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਏ.ਐਸ.ਆਈ. ਸ. ਸਮਰਜੀਤ ਸਿੰਘ, ਰੂਪਨਗਰ ਦੇ ਪ੍ਰੈੱਸ ਕਲੱਬ ਦੇ ਪ੍ਰਧਾਨ ਸ. ਬਹਾਦਰਜੀਤ ਸਿੰਘ, ਸ੍ਰੀ ਹਰੀਸ਼ ਕਾਲੜਾ ਬਾਬੂ ਸ਼ਾਹੀ ਡਾਟ ਕਾਮ ਅਤੇ ਪੰਜਾਬੀ ਜਾਗਰਣ ਦੇ ਸ੍ਰੀ ਲਖਬੀਰ ਖਾਬੜਾ ਨੂੰ ਸਨਮਾਨ ਚਿੰਨ੍ਹ ਦੇ ਕੇ ਕੌਂਸਲ ਵੱਲੋਂ ਸਨਮਾਨਿਤ ਕੀਤਾ ਗਿਆ। ਕੌਂਸਲ ਦੇ ਸੱਦੇ ਤੇ ਬੁਲਾਏ ਮਹਿਮਾਨਾਂ ਦਾ ਵੀ ਕੌਂਸਲ ਵੱਲੋਂ ਸਤਿਕਾਰ ਕਰਦੇ ਹੋਏ ਉਨ੍ਹਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਭੂਮਿਕਾ ਸ. ਹਰਦੇਵ ਸਿੰਘ ਜੀ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਗਵਰਨਿੰਗ ਬਾਡੀ ਦੇ ਮੈਂਬਰਾਂ ਨੇ ਦਿਨ ਰਾਤ ਸਖ਼ਤ ਮਿਹਨਤ ਕੀਤੀ। ਜਿਨ੍ਹਾਂ ਵਿੱਚ ਮੈਡਮ ਭਗਵੰਤ ਕੌਰ, ਸ. ਭਾਗ ਸਿੰਘ ਮਦਾਨ, ਸ. ਅਮਰਜੀਤ ਸਿੰਘ, ਸ. ਗੁਰਬਖ਼ਸ਼ ਸਿੰਘ, ਸ. ਸੁਰਿੰਦਰ ਸਿੰਘ ਤੋਗੜ, ਸ. ਪ੍ਰੇਮ ਸਿੰਘ ਪੜੀ, ਸ. ਹਰਬੰਸ ਸਿੰਘ, ਸ੍ਰੀ ਸੁਰੇਸ਼ ਚੰਦਰ, ਮੈਡਮ ਊਸ਼ਾ ਟੰਡਨ ਹਾਜ਼ਰ ਸਨ।