ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦਾ ਦਾਖਲਾ ਪੋਰਟਲ ਲਾਂਚ
ਅਸ਼ੋਕ ਵਰਮਾ
ਬਠਿੰਡਾ, 26 ਜੂਨ 2022 :ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਚੇਅਰਮੈਨ ਬੋਰਡ ਆਫ ਗਵਰਨਰ-ਕਮ-ਪਿ੍ਰੰਸੀਪਲ ਸਕੱਤਰ ਪੰਜਾਬ ਸਰਕਾਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਰਾਹੁਲ ਭੰਡਾਰੀ ਨੇ ਅਕਾਦਮਿਕ ਸੈਸ਼ਨ 2022-23 ਲਈ ਯੂਨੀਵਰਸਿਟੀ ਦਾ ਦਾਖਲਾ ਪੋਰਟਲ ਲਾਂਚ ਕੀਤਾ ਹੈ। ਆਪਣੇ ਸੰਬੋਧਨ ਵਿੱਚ ਸ੍ਰੀ ਭੰਡਾਰੀ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੀ ਸਭ ਤੋਂ ਤੇਜੀ ਨਾਲ ਵਧ ਰਹੀ ਇਸ ਯੂਨੀਵਰਸਿਟੀ ਨੇ ਵੱਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਈ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਲੋੜ ਆਧਾਰਿਤ ਹੁਨਰ ਕੋਰਸ ਸੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਉੱਭਰਦੀਆਂ ਤਕਨੀਕਾਂ ਵਿੱਚ ਇੱਕ ਨਵਾਂ ਕੋਰਸ ਸ਼ੁਰੂ ਅਤੇ ਸਿੱਖਿਆ ਤੇ ਉਦਯੋਗ ਵਿੱਚਲੇ ਪਾੜੇ ਨੂੰ ਪੂਰਾ ਕਰਨਾ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਜਾਂ ਰਾਜ ਦਾ ਵਿਕਾਸ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਉਸ ਦੇ ਨਾਗਰਿਕ ਕਿੰਨੇ ਪੜ੍ਹੇ-ਲਿਖੇ ਹਨ। ਇਸ ਲਈ ਸਾਨੂੰ ਪੰਜਾਬ ਵਿਚ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਸੂਬੇ ਦੇ ਨੌਜਵਾਨ ਪੜ੍ਹੇ-ਲਿਖੇ, ਹੁਨਰਮੰਦ ਹੋਣ ਤਾਂ ਜੋ ਉਹ ਸੂਬੇ ਨੂੰ ਵਿਕਾਸ ਦੇ ਰਾਹ ‘ਤੇ ਲਿਜਾਣ ‘ਚ ਮਦਦ ਕਰ ਸਕਣ। ਉਨ੍ਹਾਂ ਯੂਨੀਵਰਸਿਟੀ ਦੇ ਡੀਨ, ਫੈਕਲਟੀ ਅਤੇ ਕਰਮਚਾਰੀਆਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਪਲੇਟਫਾਰਮ ਨੂੰ ਵਿਕਸਤ ਕਰਨ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸਥਾਪਿਤ 6-7 ਸਾਲ ਪੁਰਾਣੀ ਇਹ ਯੂਨੀਰਸਿਟੀ ਗਿਆਨ ਸਿਰਜਣ, ਖੋਜ ਅਤੇ ਪ੍ਰਸਾਰ ਦੇ ਖੇਤਰ ਦੀ ਇੱਕ ਮੋਹਰੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ, ਪ੍ਰੋ. (ਡਾ.) ਬੂਟਾ ਸਿੰਘ ਸਿੱਧੂ, ਨੇ ਦੱਸਿਆ ਕਿ ਜਾਣਕਾਰੀ ਬਰੌਸ਼ਰ, ਪ੍ਰੋਗਰਾਮ/ਕੋਰਸ ਦੇ ਵੇਰਵੇ, ਫੀਸ ਦਾ ਢਾਂਚਾ, ਯੋਗਤਾ ਦੇ ਮਾਪਦੰਡ ਅਤੇ ਦਾਖਲੇ ਲਈ ਲੋੜੀਂਦੇ ਦਸਤਾਵੇਜ/ਸਰਟੀਫਿਕੇਟ ਆਦਿ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹਨ। ਪ੍ਰੋ. ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਦੇ ਪੰਜਾਬ ਦੀ ਮਾਲਵਾ ਪੱਟੀ ਵਿੱਚ ਸਥਿਤ 5 ਸੰਵਿਧਾਨਕ ਕੈਂਪਸ ਅਤੇ 50 ਤੋਂ ਵੱਧ ਐਫੀਲੀਏਟਿਡ ਕਾਲਜ ਹਨ।
ਪ੍ਰੋ. (ਡਾ.) ਮਨਜੀਤ ਬਾਂਸਲ, ਚੇਅਰਮੈਨ (ਦਾਖਲੇ), ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ, ਉਮੀਦਵਾਰ ਟੋਲ ਫਰੀ ਨੰਬਰ: 1800-121-1833 ਅਤੇ ਮੋਬਾਈਲ ਨੰਬਰਾਂ: +91 87250-72402, 403 ਦੀ ਵਰਤੋਂ ਕਰਕੇ ਯੂਨੀਵਰਸਿਟੀ ਦਾਖਲਾ ਸੈੱਲ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹੋੋਰ ਜਾਣਕਾਰੀ ਯੂਨੀਵਰਸਿਟੀ ਦੀ ਵੈੱਬਸਾਈਟ ਦੇ ਨਾਲ-ਨਾਲ ਸਬੰਧਤ ਵਿਭਾਗਾਂ/ਕਾਲਜਾਂ ਦੀਆਂ ਵੈੱਬਸਾਈਟਾਂ ‘ਤੇ ਵੀ ਉਪਲਬਧ ਹੈ। ਇਸ ਮੌਕੇ ਯੂਨੀਵਰਸਿਟੀ ਦੇ ਡਾ: ਕਵਲਜੀਤ ਸਿੰਘ ਸੰਧ, ਐਸੋਸੀਏਟ ਡੀਨ (ਅਕਾਦਮਿਕ ਮਾਮਲੇ), ਅਤੇ ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਗੁਰਿੰਦਰ ਪਾਲ ਸਿੰਘ ਬਰਾੜ ਨੇ ਸਭਨਾਂ ਦਾ ਧੰਨਵਾਦ ਕੀਤਾ।
ਐਸੋਸੀਏਟ ਡੀਨ (ਪ੍ਰਸਾਸਕੀ) ਡਾ: ਗੁਰਪ੍ਰੀਤ ਸਿੰਘ ਬਾਠ, ਪ੍ਰੋਫੈਸਰ ਇੰਚਾਰਜ (ਵਿੱਤ) ਡਾ. ਹਰੀਸ਼ ਕੁਮਾਰ ਗਰਗ, ਡਾ. ਨਰੇਸ਼ ਕੁਮਾਰ ਗਰਗ, ਡੀਨ ਡਾ. ਆਸ਼ੀਸ਼ ਬਾਲਦੀ, ਪ੍ਰੋ: ਸੰਜੇ ਭਟਨਾਗਰ, ਡਾਇਰੈਕਟਰ (ਜਨ ਸੰਪਰਕ) ਹਰਜਿੰਦਰ ਸਿੰਘ ਸਿੱਧੂ, ਡਾਇਰੈਕਟਰ (ਟੀ.ਐਂਡ.ਪੀ.) ਹਰਜੋਤ ਸਿੰਘ ਸਿੱਧੂ, ਐਸੋਸੀਏਟ ਡੀਨ ਡਾ. ਮੁਨੀਸ਼ ਕੁਮਾਰ ਜਿੰਦਲ ਅਤੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਮੁਖੀ ਅਤੇ ਹੋਰ ਸੀਨੀਅਰਅਧਿਕਾਰੀ ਵੀ ਹਾਜ਼ਰ ਸਨ।