ਗੈਂਗਸਟਰ ਲਾਰੈਂਸ ਦਾ ਪਿਤਾ ਪਹੁੰਚਿਆ ਸੁਪਰੀਮ ਕੋਰਟ, ਕੀਤੀ ਇਹ ਅਪੀਲ
ਚੰਡੀਗੜ੍ਹ, 27 ਜੂਨ 2022 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਲਿਆਂਦੇ ਗਏ ਗੈਂਗਸਟਰ ਲਾਰੈਂਸ ਦੇ ਪਿਤਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਅਦਾਲਤ ਵਿੱਚ ਲਾਰੈਂਸ ਨੂੰ ਕਾਨੂੰਨੀ ਸਹਾਇਤਾ ਨਹੀਂ ਮਿਲ ਰਹੀ। ਕੋਈ ਵੀ ਵਕੀਲ ਲਾਰੈਂਸ ਦੀ ਤਰਫੋਂ ਪੇਸ਼ ਹੋਣ ਲਈ ਰਾਜ਼ੀ ਨਹੀਂ ਹੋਇਆ।
ਉਸ ਨੇ ਟਰਾਂਜ਼ਿਟ ਰਿਮਾਂਡ ਨੂੰ ਵੀ ਚੁਣੌਤੀ ਦਿੱਤੀ ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਜੁਲਾਈ ਨੂੰ ਹੋਵੇਗੀ। ਦਰਅਸਲ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਪਿੱਛੇ ਪੁਲਿਸ ਨੇ ਗੈਂਗਸਟਰ ਲਾਰੈਂਸ ਨੂੰ ਮਾਸਟਰਮਾਈਂਡ ਦੱਸਿਆ ਹੈ।
ਲਾਰੇਂਸ ਦੇ ਪਿਤਾ ਦੀ ਤਰਫੋਂ ਦਾਇਰ ਪਟੀਸ਼ਨ 'ਚ ਵਕੀਲ ਨੇ ਕਿਹਾ ਕਿ ਬਾਰ ਐਸੋਸੀਏਸ਼ਨ ਦੀ ਤਰਫੋਂ ਕੋਈ ਪੇਸ਼ ਨਹੀਂ ਹੋ ਰਿਹਾ। ਇਸ 'ਤੇ ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਹੈਰਾਨੀ ਪ੍ਰਗਟਾਈ। ਜਿਸ ਤੋਂ ਬਾਅਦ ਲਾਰੇਂਸ ਦੇ ਪਿਤਾ ਦੇ ਵਕੀਲ ਨੇ ਕਿਹਾ ਕਿ ਉਹ ਲਾਰੇਂਸ ਦੇ ਟਰਾਂਜ਼ਿਟ ਰਿਮਾਂਡ ਨੂੰ ਵੀ ਚੁਣੌਤੀ ਦੇ ਰਹੇ ਹਨ। ਇਸ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਲਾਰੈਂਸ ਦੀ ਜਾਂਚ ਪੰਜਾਬ 'ਚ ਕਿਉਂ ਨਹੀਂ ਹੋ ਸਕਦੀ ?