ਕਿਸਾਨਾਂ ਅਤੇ ਮਜ਼ਦੂਰਾਂ ਸਿਰ ਕਰਜ਼ੇ ਨੂੰ ਮੁਆਫ ਕਰਨ ਦੇ ਪੈਕੇਜ ਦਾ ਕੋਈ ਜ਼ਿਕਰ ਨਹੀਂ ਹੈ : ਕਿਸਾਨ ਆਗੂ
ਦਲਜੀਤ ਕੌਰ ਭਵਾਨੀਗੜ੍ਹ ,ਬਾਬੂਸ਼ਾਹੀ ਨੈਟਵਰਕ
ਸੰਗਰੂਰ, 28 ਜੂਨ, 2022 : ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਬਜ਼ਟ 'ਤੇ ਟਿੱਪਣੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਪਰ ਪੰਜਾਬ ਸਰਕਾਰ ਦਾ ਬਜਟ ਖੇਤੀਬਾੜੀ ਨੂੰ ਸੰਬੋਧਤ ਨਹੀਂ ਹੈ, ਸਗੋਂ ਇਹ ਦਿੱਲੀ ਮਾਡਲ ਦੀ ਨਕਲ ਹੈ ਅਤੇ ਇਹ ਪੰਜਾਬ ਦੀਆਂ ਦੀਆਂ ਵਿਸ਼ੇਸ਼ ਸਮੱਸਿਆਵਾਂ ਨਸ਼ਿਆਂ ਅਤੇ ਬੇਰੁਜ਼ਗਾਰੀ ਨੂੰ ਸੰਬੋਧਿਤ ਨਹੀਂ ਹੈ। ਖੇਤੀ ਪ੍ਰਧਾਨ ਸੂਬੇ ਅੰਦਰ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਕਰਜ਼ੇ ਨੂੰ ਮੁਆਫ ਕਰਨ ਦੇ ਪੈਕੇਜ ਦਾ ਕੋਈ ਜ਼ਿਕਰ ਨਹੀਂ ਹੈ। ਕਿਸਾਨਾਂ ਨੂੰ ਘੱਟੋ ਘੱਟ ਸਹਾਇਕ ਮੁੱਲ ਦੇਣ /ਦਿਵਾਉਣ ਦੀ ਕਿਸੇ ਸਕੀਮ ਦਾ ਜ਼ਿਕਰ ਨਹੀਂ। ਔਰਤਾਂ ਨੂੰ 1000 ਰੁਪਏ ਮਹੀਨਾ ਯੋਜਨਾ ਨੂੰ ਵਿਸਾਰ ਦਿੱਤਾ ਗਿਆ।
ਸਾਰਾ ਜ਼ੋਰ ਅਖੌਤੀ ਵਿੱਦਿਆ ਸੁਧਾਰਾਂ 'ਤੇ ਦਿੱਤਾ ਗਿਆ ਹੈ, ਉਹ ਵੀ ਵਿਦੇਸ਼ਾਂ ਤੋੰ ਸਿਖਣ 'ਤੇ। ਘਰ-ਘਰ ਆਟਾ (ਆਟਾ) ਮੁਫਤ ਪਹੁੰਚਾਉਣ ਲਈ 497 ਕਰੋੜ ਰੁਪਏ ਰੱਖੇ ਗਏ ਹਨ, ਪਰ ਚੰਗਾ ਹੁੰਦਾ ਜੇਕਰ ਇਹ ਪੈਸਾ ਆਟੇ ਦੀ ਬਜਾਏ ਲੋੜਵੰਦਾਂ ਨੂੰ ਵਾਧੂ ਕਣਕ ਦੇਣ ਲਈ ਵਰਤਿਆ ਜਾਂਦਾ। ਵੈਸੇ ਪੰਜਾਬ ਦੇ ਲੋਕਾਂ ਨੂੰ ਆਪ ਪਾਰਟੀ 'ਤੇ ਬੱਝੀਆਂ ਆਸਾਂ ਤੋਂ ਲੋਕ ਪਹਿਲਾਂ ਹੀ ਆਪ ਪਾਰਟੀ ਦੀ ਤਿੰਨ ਮਹੀਨੇ ਦੀ ਕਾਰਗੁਜ਼ਾਰੀ ਤੋੰ ਪਹਿਲਾਂ ਹੀ ਨਿਰਾਸ਼ ਹੋ ਚੁੱਕੇ ਸਨ, ਪਰ ਹੁਣ ਘਸਿਆ ਪਿਟਿਆ ਬਜ਼ਟ ਦੇਖਕੇ ਲੋਕ ਹੋਰ ਨਿਰਾਸ਼ ਹੋਏ ਹਨ।