ਤਕਨੀਕੀ ਟੀਮ ਨੇ ਸ਼ੁਰੂ ਕੀਤੀ ਪੰਚਾਇਤੀ ਫੰਡਾਂ ਦੀ ਜਾਂਚ, ਪਹੁੰਚੀ ਕਲਾਨੌਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 28 ਜੂਨ 2022
ਇਤਿਹਾਸਕ ਕਸਬਾ ਕਲਾਨੌਰ ਵਿਖੇ ਪਿਛਲੀ ਸਰਕਾਰ ਦੌਰਾਨ ਬੀਡੀਪੀਓ ਗੁਰਜੀਤ ਸਿੰਘ ਚੌਹਾਨ ਤੇ ਬੀਡੀਪੀਓ ਅਮਨਦੀਪ ਕੌਰ ਵੱਲੋਂ ਅਧਿਕਾਰਤ ਤੌਰ ਤੇ ਪ੍ਰਬੰਧਕ ਲੱਗਣ ਉਪਰੰਤ 10 ਕਰੋੜ ਰੁਪਏ ਦੇ ਕਰੀਬ ਪੰਚਾਇਤੀ ਫੰਡਾਂ ਨਾਲ ਕਰਵਾਏ ਵਿਕਾਸ ਕਾਰਜਾਂ ਦੀ ਜਾਂਚ ਲਈ ਤਕਨੀਕੀ ਟੀਮ ਕਲਾਨੌਰ ਪੁੱਜੀ।
ਇਸ ਟੀਮ ਦੀ ਅਗਵਾਈ ਕਰ ਰਹੇ ਸੰਦੀਪ ਕੁਮਾਰ ਸ੍ਰੀਧਰ ਐਕਸੀਅਨ ਬਠਿੰਡਾ ਨਾਲ ਪੰਚਾਇਤੀ ਰਾਜ ਦੇ ਐੱਸਡੀਓ ਤੇ ਜੇਈ ਦੀ ਟੀਮ ਵੱਲੋਂ ਬੀਡੀਪੀਓ ਗੁਰਜੀਤ ਸਿੰਘ ਚੌਹਾਨ ਵੱਲੋਂ ਪੰਚਾਇਤੀ ਫੰਡਾਂ ਨਾਲ ਕਰਵਾਏ ਵਿਕਾਸ ਕਾਰਜਾਂ ਦੀ ਪੈਮਾਇਸ਼ (ਮਿਨਤੀ) ਕੀਤੀ ਗਈ। ਇਸ ਮੌਕੇ ਜਾਂਚ ਕਮੇਟੀ ਦੇ ਮੈਂਬਰ ਤੋਂ ਇਲਾਵਾ ਬੀ ਡੀ ਪੀ ਓ ਜਿਦੰਰਪਾਲ ਵੀ ਹਾਜ਼ਰ ਸਨ। ਕਲਾਨੌਰ ਪੰਚਾਇਤ ਦੇ ਕਰੀਬ 10 ਕਰੋੜ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦੀ ਤਕਨੀਕੀ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਸੰਬੰਧੀ ਪੰਚਾਇਤ ਵਿਭਾਗ ਦੇ ਡਵੀਜ਼ਨਲ ਡਾਇਰੈਕਟਰ ਜਗਵਿੰਦਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਕਲਾਨੌਰ 'ਚ ਦੱਸ ਕਰੋੜ ਰੁਪਏ ਪਿਛਲੇ ਸਮੇਂ ਦੌਰਾਨ ਅਣਅਧਿਕਾਰਤ ਤੌਰ ਲੱਗੇ ਪ੍ਰਬੰਧਕਾਂ ਵੱਲੋਂ ਖ਼ਰਚ ਕਰਨ ਸਬੰਧੀ ਵਿਭਾਗ ਦੇ ਧਿਆਨ ਵਿੱਚ ਆਇਆ ਸੀ ਜਿਸ ਤਹਿਤ ਸੀਮਾ ਜੈਨ ਵਧੀਕ ਮੁੱਖ ਸਕੱਤਰ ਪੰਜਾਬ ਵੱਲੋਂ ਖ਼ਰਚ ਕੀਤੇ ਦੱਸ ਕਰੋੜ ਰੁਪਏ ਦੀ ਜਾਂਚ ਸਬੰਧੀ ਚਾਰ ਮੈਂਬਰੀ ਕਮੇਟੀ ਦਾ ਗਠਨ ਕਰਦਿਆਂ ਹੋਇਆਂ ਉਨ੍ਹਾਂ ਨੂੰ ਇਸ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਸੀ ਅਤੇ ਇਸ ਕਮੇਟੀ ਵਿੱਚ ਸੰਦੀਪ ਕੁਮਾਰ ਸ੍ਰੀਧਰ ਐਕਸੀਅਨ ਬਠਿੰਡਾ, ਸੁਖਜੀਤ ਸਿੰਘ ਬੀਡੀਪੀਓ ਸਮੇਤ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਇਸ ਤਕਨੀਕੀ ਕਮੇਟੀ ਵੱਲੋਂ ਕਲਾਨੌਰ ਵਿੱਚ ਉਕਤ ਪ੍ਰਬੰਧਕਾਂ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਮਿਨਤੀ ( ਪੈਮਾਇਸ਼) ਕੀਤੀ ਜਾ ਰਹੀ ਹੈ। ਜਗਵਿੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।