ਕੇਰਲ : ਭੈਣ ਨੇ ਭਰਾ ਨੂੰ ਲਿਖੀ 434 ਮੀਟਰ ਲੰਬੀ ਚਿੱਠੀ, ਬਣਿਆ ਵਿਸ਼ਵ ਰਿਕਾਰਡ
ਦੀਪਕ ਗਰਗ
ਇਡੂਕੀ (ਕੇਰਲ), 28 ਜੂਨ 2022 : ਪਹਿਲੇ ਸਮਿਆਂ ਵਿੱਚ ਲੋਕ ਇੱਕ ਦੂਜੇ ਨੂੰ ਚਿੱਠੀਆਂ ਲਿਖ ਕੇ ਆਪਣੀ ਸਿਹਤ ਦਾ ਹਾਲਚਾਲ ਜਾਣਦੇ ਸਨ। ਅੱਜ ਹਰ ਕੋਈ ਇਸ ਨੂੰ ਮਿਸ ਕਰਦਾ ਹੈ, ਹਰ ਕੋਈ ਬੰਦਾ ਫੋਨ ਕਰਕੇ ਗੱਲ ਕਰਦਾ ਹੈ। ਕੇਰਲ ਦੇ ਇਡੂਕੀ 'ਚ ਰਹਿਣ ਵਾਲੀ ਕ੍ਰਿਸ਼ਨਾਪ੍ਰਿਆ ਨੇ ਆਪਣੇ 21 ਸਾਲਾ ਭਰਾ ਕ੍ਰਿਸ਼ਨ ਪ੍ਰਸਾਦ ਨੂੰ ਚਿੱਠੀ ਲਿਖੀ ਹੈ। ਇਹ ਚਿੱਠੀ ਇੰਨੀ ਲੰਬੀ ਹੈ ਕਿ ਵਿਸ਼ਵ ਰਿਕਾਰਡ ਬਣ ਗਿਆ ਹੈ। ਕ੍ਰਿਸ਼ਨਪ੍ਰਿਆ ਨੇ ਇਹ ਚਿੱਠੀ ਆਪਣੇ ਭਰਾ ਨੂੰ ਉਦੋਂ ਲਿਖੀ ਸੀ ਜਦੋਂ ਉਹ ਬ੍ਰਦਰਜ਼ ਡੇਅ 'ਤੇ ਉਸ ਨੂੰ ਸ਼ੁਭਕਾਮਨਾਵਾਂ ਦੇਣਾ ਭੁੱਲ ਗਈ ਸੀ। ਆਪਣੀ ਗੱਲ ਰੱਖਣ ਲਈ ਭੈਣ ਨੇ ਇੰਨੀ ਲੰਬੀ ਚਿੱਠੀ ਲਿਖੀ ਕਿ ਵਿਸ਼ਵ ਰਿਕਾਰਡ ਵਿਚ ਦਰਜ ਹੋ ਗਈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਕ੍ਰਿਸ਼ਨਪ੍ਰਿਯਾ, ਜੋ ਕਿ ਪੇਸ਼ੇ ਤੋਂ ਇੰਜੀਨੀਅਰ ਹੈ, ਨੇ ਆਪਣੇ 21 ਸਾਲਾ ਭਰਾ ਕ੍ਰਿਸ਼ਨ ਪ੍ਰਸਾਦ ਨੂੰ ਇੱਕ ਚਿੱਠੀ ਲਿਖੀ ਸੀ। ਇਸ ਸਾਲ ਵਿਸ਼ਵ ਭਰਾ ਦਿਵਸ ਮੌਕੇ ਕ੍ਰਿਸ਼ਨਾਪ੍ਰਿਆ ਆਪਣੇ ਭਰਾ ਨਾਲ ਨਹੀਂ ਸੀ ਅਤੇ ਉਹ ਉਸ ਨੂੰ ਸ਼ੁਭਕਾਮਨਾਵਾਂ ਦੇਣਾ ਭੁੱਲ ਗਈ ਸੀ। ਇਸ ਤੋਂ ਬਾਅਦ ਜਦੋਂ ਉਸ ਦੇ ਭਰਾ ਨੇ ਉਸ ਨੂੰ ਮੈਸੇਜ ਕੀਤਾ ਤਾਂ ਉਹ ਘੰਟਿਆਂ ਤੱਕ ਮੈਸੇਜ ਵੀ ਨਹੀਂ ਦੇਖ ਸਕੀ। ਅਜਿਹੇ 'ਚ ਭਰਾ ਨੇ ਕ੍ਰਿਸ਼ਨਾ ਨੂੰ ਯਾਦ ਕਰਨ ਲਈ ਕੁਝ ਸਕ੍ਰੀਨਸ਼ਾਟ ਵੀ ਭੇਜੇ। ਜਦੋਂ ਇਸ 'ਤੇ ਵੀ ਉਸ ਵੱਲੋਂ ਕੋਈ ਜਵਾਬ ਨਾ ਆਇਆ ਤਾਂ ਉਸ ਦੇ ਭਰਾ ਨੇ ਉਸ ਨੂੰ ਵਟਸਐਪ 'ਤੇ ਬਲਾਕ ਕਰ ਦਿੱਤਾ। ਜਦੋਂ ਭਰਾ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤਾਂ ਕ੍ਰਿਸ਼ਨ ਨੇ ਚਿੱਠੀ ਰਾਹੀਂ ਗੱਲ ਕੀਤੀ, ਜੋ ਵਿਸ਼ਵ ਰਿਕਾਰਡ ਬਣ ਗਿਆ।
5 ਕਿਲੋ ਦੀ ਚਿੱਠੀ
ਕ੍ਰਿਸ਼ਨਪ੍ਰਿਆ ਨੇ 25 ਮਈ ਤੋਂ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਸਾਧਾਰਨ ਕਾਗਜ਼ 'ਤੇ ਲਿਖਣਾ ਸ਼ੁਰੂ ਕਰ ਦਿੱਤਾ ਸੀ ਪਰ ਜਦੋਂ ਉਸ ਦੀਆਂ ਗੱਲਾਂ ਖਤਮ ਨਹੀਂ ਹੋ ਰਹੀਆਂ ਸਨ ਤਾਂ ਉਸ ਨੇ ਦੁਕਾਨ ਤੋਂ 15 ਪੇਪਰ ਰੋਲ ਖਰੀਦ ਲਏ। ਉਹ ਹਰ ਰੋਲ ਨੂੰ 12 ਘੰਟਿਆਂ ਵਿੱਚ ਪੂਰਾ ਕਰ ਰਹੀ ਸੀ। ਆਖ਼ਰਕਾਰ, ਇਨ੍ਹਾਂ ਅੱਖਰਾਂ ਨੂੰ ਆਪਸ ਵਿੱਚ ਜੋੜਨਾ ਇੱਕ ਔਖਾ ਕੰਮ ਸੀ। ਕਿਸੇ ਤਰ੍ਹਾਂ ਜਦੋਂ ਉਹ ਇਸ ਨੂੰ ਜੋੜ ਕੇ ਡਾਕਖਾਨੇ ਪਹੁੰਚੀ ਤਾਂ ਇਸ ਦਾ ਭਾਰ 5.27 ਕਿਲੋਗ੍ਰਾਮ ਅਤੇ ਲੰਬਾਈ 434 ਮੀਟਰ ਨਿਕਲੀ। ਪਾਰਸਲ ਵਿਚ ਚਿੱਠੀ ਦੇਖ ਕੇ ਭਰਾ ਕ੍ਰਿਸ਼ਨ ਪ੍ਰਸਾਦ ਦੰਗ ਰਹਿ ਗਏ। ਜਦੋਂ ਉਸ ਨੇ ਕੋਲਕਾਤਾ ਦੇ ਯੂਨੀਵਰਸਲ ਰਿਕਾਰਡ ਫੋਰਮ ਨੂੰ ਪੱਤਰ ਭੇਜਿਆ ਤਾਂ ਇਸ ਦੇ ਰਿਕਾਰਡ ਹੋਣ ਦੀ ਪੁਸ਼ਟੀ ਹੋਈ।