ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ SGPC ਵੱਲੋਂ ਲਗਾਏ ਜਾ ਰਹੇ ਹਨ ਗੁਰਮਤਿ ਕੈਂਪ
--51 ਪਿੰਡਾਂ ਦੇ 60 ਗੁਰੂ ਘਰਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਵਿੱਚ ਲੈ ਰਹੇ ਨੇ 35 ਸੌ ਇਦਿਆਰਥੀ ਹਿੱਸਾ।
--30 ਜੂਨ ਨੂੰ ਅਕਾਲ ਤਖ਼ਤ ਦੇ ਜਥੇਦਾਰ ਅਤੇ SGPC ਦੇ ਪ੍ਰਧਾਨ ਬੱਚਿਆਂ ਦਾ ਕਰਨਗੇ ਵਿਸ਼ੇਸ਼ ਸਨਮਾਨ।
ਅੰਮ੍ਰਿਤਸਰ, 28 ਜੂਨ 2022 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦੇਣ ਲਈ ਹਲਕਾ ਜੋਗਾ ਦੇ 51 ਪਿੰਡਾਂ ਦੇ 60 ਗੁਰੂ ਘਰਾਂ ਵਿੱਚ ਗੁਰਮਤ ਕੈਂਪ ਲਗਾਏ ਜਾ ਰਹੇ ਹਨ। ਇੰਨਾਂ ਕੈਂਪਾਂ ਵਿੱਚ ਲੱਗਭੱਗ 35 ਸੌ ਬੱਚੇ ਹਿੱਸਾ ਲੈ ਰਹੇ ਹਨ। ਚੁਣੇ ਗਏ ਬੱਚਿਆਂ ਦਾ 30 ਜੂਨ ਨੂੰ ਫਫੜੇ ਭਾਈਕਾ ਵਿਖੇ ਫਿਰ ਟੈਸਟ ਲਿਆ ਜਾਵੇਗਾ ਤੇ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨਗੇ।
ਹਲਕਾ ਜੋਗਾ ਦੇ 51 ਪਿੰਡਾਂ ਦੇ 60 ਗੁਰੂ ਘਰਾਂ ਵਿੱਚ SGPC ਵੱਲੋਂ ਜੂਨ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਗੁਰਮਤਿ ਕੈਂਪ ਲਗਾਏ ਜਾ ਰਹੇ ਹਨ। ਹਲਕਾ ਜੋਗਾ ਦੇ ਐਸ.ਜੀ.ਪੀ.ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਦੱਸਿਆ ਕਿ ਅਸੀਂ ਇੱਕ ਜੂਨ ਤੋਂ 51 ਪਿੰਡਾਂ ਦੇ 60 ਗੁਰੂ ਘਰਾਂ ਵਿੱਚ ਗੁਰਮਤਿ ਕੈਂਪਾਂ ਦੀ ਸ਼ੁਰੂਆਤ ਕੀਤੀ ਹੈ, ਜਿਨ੍ਹਾਂ ਵਿੱਚ ਕਰੀਬ 3500 ਬੱਚੇ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਨਾ ਬੱਚਿਆਂ ਦੇ ਪਿੰਡ ਪੱਧਰ ਤੇ ਟੈਸਟ ਲੈ ਕੇ 9-9 ਬੱਚਿਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਦਾ ਟੈਸਟ ਹੁਣ 30 ਜੂਨ ਨੂੰ ਪਿੰਡ ਫਫੜੇ ਭਾਈਕੇ ਦੇ ਗੁਰਦੁਆਰਾ ਭਾਈ ਬਹਿਲੋ ਵਿਖੇ ਲਿਆ ਜਾਵੇਗਾ, ਜਿਸ ਵਿੱਚ 30 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਵਿੱਚ ਜੇਤੂ ਬੱਚਿਆਂ ਦਾ ਸਨਮਾਨ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਲਗਾਉਣ ਦਾ ਮੁਖ ਮਕਸਦ ਸਾਡੀ ਨੌਜਵਾਨ ਪੀੜੀ ਨੂੰ ਗੁਰੂ ਘਰ ਨਾਲ ਜੋੜਨਾ ਅਤੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਣਾ ਹੈ।
ਐਸ.ਜੀ.ਪੀ.ਸੀ. ਵੱਲੋਂ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਲਗਾਏ ਜਾ ਰਹੇ ਗੁਰਮਤਿ ਕੈਂਪ ਦੀ ਸਿੱਖਿਆ ਹਾਸਲ ਕਰਨ ਵਾਲੇ ਬੱਚੇ ਤੇ ਗੁਰੂ ਘਰ ਦੇ ਗ੍ਰੰਥੀ ਵੀ ਸ਼ਲਾਘਾ ਕਰ ਰਹੇ ਹਨ। ਗੁਰੂ ਘਰ ਦੇ ਗ੍ਰੰਥੀ ਅਮਰਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਸਮੇ ਸਕੂਲਾਂ ਵਿੱਚ ਬੱਚਿਆਂ ਨੂੰ ਸਿੱਖ ਧਰਮ ਬਾਰੇ ਗਿਆਨ ਨਹੀਂ ਹੈ ਅਤੇ ਇੱਥੇ ਆ ਕੇ ਬੱਚੇ ਆਪਣੇ ਧਰਮ ਬਾਰੇ ਜਾਣਕਾਰੀ ਹਾਸਲ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਭਵਿੱਖ ਵਿੱਚ ਵੀ ਲੱਗਣੇ ਚਾਹੀਦੇ ਹਨ। ਵਿਦਿਆਰਥੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਗੁਰਮਤਿ ਸਿਖਲਾਈ ਕੈਂਪ ਲੱਗਣੇ ਚਾਹੀਦੇ ਹਨ ਕਿਉਂਕਿ ਪਹਿਲਾਂ ਸਾਡੇ ਪਿੰਡਾਂ ਵਿੱਚ ਇਹ ਕੈਂਪ ਨਹੀਂ ਲੱਗਦੇ ਸਨ।