‘ਠੰਢੀ ਬੀਅਰ ਆਮੋ ਆਮ’, ਪਿੰਡਾਂ ’ਚ ਪੀਣ ਵਾਲਾ ਪਾਣੀ ਹੋਇਆ ਹਰਾਮ
ਅਸ਼ੋਕ ਵਰਮਾ
ਬਠਿੰਡਾ, 28 ਜੂਨ2022: ਬਠਿੰਡਾ ਜਿਲ੍ਹੇ ਦੇ ਤਲਵੰਡੀ ਸਾਬੋ ਹਲਕੇ ਦੇ ਹਰ ਪਿੰਡ ਵਿੱਚ ਹੁਣ ਠੰਢੀ ਬੀਅਰ ਮਿਲਦੀ ਹੈ ਪਰ ਇਨ੍ਹਾਂ ਪਿੰਡਾਂ ਵਿੱਚ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਨਹੀਂ ਹੋ ਸਕਿਆ ਹੈ। ਇੰਨ੍ਹਾਂ ਪਿੰਡਾਂ ਦੀ ਪਿਆਸ ਹਰਿਆਣਾ ਦਾ ਪਾਣੀ ਬੁਝਾਉਂਦਾ ਹੈ। ਜਦੋਂ ਗਰਮੀਆਂ ਆ ਜਾਂਦੀਆਂ ਹਨ ਤਾਂ ਇੰਨ੍ਹਾਂ ਪਿੰਡਾਂ ਲਈ ਵੱੱਡਾ ਮਸਲਾ ਪਾਣੀ ਹੀ ਬਣਦਾ ਹੈ। ਤਲਵੰਡੀ ਸਾਬੋ ਹਲਕੇ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਵਿਧਾਨ ਸਭਾ ’ਚ ਇਹ ਮੁੱਦਾ ਉਠਾਉਂਦਿਆਂ ਸਰਕਾਰ ਨੂੰ ਦੱਸਿਆ ਕਿ ਇਸ ਖਿੱਤੇ ਦੇ ਲੋਕ ਕਿਸ ਤਰਾਂ ਪਿਛਲੇ ਲੰਮੇ ਸਮੇਂ ਤੋਂ ਪਾਣੀ ਦਾ ਸੰਤਾਪ ਹੰਢਾ ਰਹੇ ਹਨ।
ਪਾਣੀ ਦੀ ਤੋਟ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਸਰਹੱਦੀ ਪਿੰਡ ਗਿਆਨਾ, ਲਹਿਰੀ, ਕਣਕਵਾਲ, ਜੋਗਵਾਲਾ ਅਤੇ ਨੰਗਲਾ ਸ਼ਾਮਲ ਹਨ। ਬਠਿੰਡਾ ਜ਼ਿਲ੍ਹੇ ਦੇ ਇਹ ਪਿੰਡ ਉਹ ਹਨ ਜਿਨ੍ਹਾਂ ’ਚ ਸਾਲਾਂ ਤੋਂ ਢੁੱਕਵੀਂ ਮਾਤਰਾ ’ਚ ਪਾਣੀ ਨਹੀਂ ਪੁੱਜਦਾ ਕੀਤਾ ਜਾ ਸਕਿਆ ਹੈ । ਸਰਕਾਰ ਨੇ ਇਨ੍ਹਾਂ ਪਿੰਡ ਵਿੱਚ ਠੰਢੀ ਬੀਅਰ ਜ਼ਰੂਰ ਪਹੁੰਚਾ ਦਿੱਤੀ ਹੈ। ਇਸ ਇਲਾਕੇ ਦੇ ਲੋਕਾਂ ਨੇ ਚਿੰਤਾ ਜਾਹਰ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਪਿੰਡ ਪਿੰਡ ਤਰਜੀਹੀ ਅਧਾਰ ਤੇ ‘ਠੰਢੀ ਬੀਅਰ’ ਪਹੁੰਚਾਉਣ ’ਚ ਲੱਗੀ ਹੋਈ ਹੈ ਪਰ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਤਰਸੇਵਾਂ ਬਰਕਰਾਰ ਹੈ।
ਪਿੰਡ ਵਾਸੀ ਦੱਸਦੇ ਹਨ ਕਿ ਪੇਂਡੂ ਠੇਕਿਆਂ ’ਤੇ ਹੁਣ ਫਰੀਜ਼ਰ ਰੱਖੇ ਹੋਏ ਹਨ ਜਿੰਨ੍ਹਾਂ ’ਚ ਹਰ ਵਕਤ ਬੀਅਰ ਦੀਆਂ ਬੋਤਲਾਂ ਪੂਰੀ ਤਰਾਂ ਠੰਢੀਆਂ ਰਹਿੰਦੀਆਂ ਹਨ। ਕਈ ਠੇਕੇਦਾਰਾਂ ਨੇ ਬੀਅਰ ਠੰਢੀ ਰੱਖਣ ਲਈ ਬਰਫ ਦਾ ਪ੍ਰਬੰਧ ਕੀਤਾ ਹੋਇਆ ਹੈ। ਠੇਕੇਦਾਰਾਂ ਵੱਲੋਂ ਵਿਸ਼ੇਸ਼ ਤੌਰ ’ਤੇ ‘ਠੰਢੀ ਬੀਅਰ’ ਉਪਲਬਧ ਹੋਣ ਦੇ ਬੋਰਡ ਲਾਏ ਹੋਏ ਹਨ। ਸਰਕਾਰ ਵੱਲੋਂ ਏਨੀ ਸਹੂਲਤ ਦਿੱਤੀ ਗਈ ਹੈ ਕਿ ਪੇਂਡੂ ਲੋਕਾਂ ਨੂੰ ਬੀਅਰ ਪੀਣ ਵਾਸਤੇ ਸ਼ਹਿਰ ਨਹੀਂ ਜਾਣਾ ਪਵੇਗਾ। ਇਹ ਵੱਖਰੀ ਗੱਲ ਹੈ ਕਿ ਪੇਂਡੂ ਔਰਤਾਂ ਨੂੰ ਅੱਜ ਵੀ ਪੀਣ ਵਾਲਾ ਪਾਣੀ ਲੈਣ ਵਾਸਤੇ ਦੂਰ ਤੋਂ ਪਾਣੀ ਢੋਣਾ ਪੈਂਦਾ ਹੈ।
ਇੰਨ੍ਹਾਂ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਖਤਰਨਾਕ ਧਾਤਾਂ ਦੇ ਮਿਸ਼ਰਣ ਵਾਲਾ ਹੈ ਜਿਸ ਦੀ ਥਾਂ ਜਲਘਰਾਂ ਦਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਕਦੇ ਵੀ ਸੰਜੀਦਾ ਯਤਨ ਨਹੀਂ ਕੀਤੇ ਗਏ ਹਨ। ਹੈਰਾਨੀ ਵਾਲੀ ਗੱਲ ਹੈ ਕਿ ਪਾਣੀ ਦੀ ਘਾਟ ਦੇ ਬਾਵਜੂਦ ਪੇਂਡੂ ਜਲਘਰਾਂ ਨੂੰ ਅਪਗਰੇਡ ਨਹੀਂ ਕੀਤਾ ਜਾ ਰਿਹਾ ਹੈ। ਜਨ ਸਿਹਤ ਵਿਭਾਗ ਦੇ ਇੱਕ ਮੁਲਾਜਮ ਨੇ ਦੱਸਿਆ ਕਿ ਜਦੋਂ ਜਲ ਘਰ ਬਣੇ ਸਨ ਤਾਂ ਉਦੋਂ ਅਬਾਦੀ ਘੱਟ ਸੀ । ਹੁਣ ਅਬਾਦੀ ਵਧ ਗਈ ਹੈ ਪਰ ਪ੍ਰਬੰਧ ਨਹੀਂ ਵਧਾਏ ਜਿਸ ਕਾਰਨ ਸੰਕਟ ਡੂੰਘਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਹੁਣ ਤਾਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦਾ ਮਹਿੰਗਾ ਪਾਣੀ ਵਿਕਵਾਉਣ ਦੇ ਚੱਕਰਾਂ ’ਚ ਜਲ ਸਕੀਮਾਂ ਹੀ ਖਤਮ ਕਰਨ ਦੀ ਤਿਆਰੀਆਂ ’ਚ ਹਨ ਜਿਸ ਨਾਲ ਸੰਕਟ ਹੋਰ ਵੀ ਵਧੇਗਾ। ਜਦੋਂ ਨਹਿਰੀ ਬੰਦੀ ਆਉਂਦੀ ਹੈ ਤਾਂ ਪਾਣੀ ਵਾਲੀਆਂ ਟੈਕੀਆਂ ਹੀ ਪਾਣੀ ਲਈ ਸਹਾਰਾ ਬਣਦੀਆਂ ਹਨ। ਇਹ ਇਲਾਕਾ ਕਾਫੀ ਸਮੇਂ ਤੋਂ ਕੈਂਸਰ ਦਾ ਕਹਿਰ ਭੁਗਤ ਰਿਹਾ ਹੈ। ਲੋਕਾਂ ਦੀ ਇਕੋ ਮੰਗ ਹੈ ਕਿ ਪੀਣ ਵਾਲਾ ਸਾਫ ਪਾਣੀ ਦੇ ਦਿੱਤਾ ਜਾਵੇ ਪਰ ਨੇਤਾ ਸੁਣਨ ਤੋਂ ਆਕੀ ਹਨ । ਪਿੰਡ ਨੰਗਲਾ ਦੇ ਸਰਪੰਚ ਕਾਕਾ ਸਿੰਘ ਦਾ ਕਹਿਣਾ ਸੀ ਕਿ ਪੇਂਡੂ ਲੋਕ ਵਰਿ੍ਹਆਂ ਤੋਂ ਸਰਕਾਰਾਂ ਨੂੰ ਫਰਿਆਦ ਕਰਦੇ ਆ ਰਹੇ ਹਨ ਪਰ ਝੋਲੀ ਖੈਰ ਨਹੀਂ ਪਈ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿੱਲਤ ਨੂੰ ਦੇਖਦੇ ਹੋਏ ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਢੂੱਕਵੀਂ ਮਾਤਰਾ ’ਚ ਪੂਰਤੀ ਲਈ ਲੁੜੀਂਦੇ ਪ੍ਰਬੰਧ ਕੀਤੇ ਜਾਣ। ਸਰਕਾਰੀ ਸੂਤਰਾਂ ਦਾ ਕਹਿਣਾ ਕਿ ਪਿੰਡਾਂ ਵਿੱਚ ਰਹਿਣ ਸਹਿਣ ਦਾ ਪੱਧਰ ਉੱਚਾ ਹੋ ਗਿਆ ਹੈ। ਇਸ ਨੂੰ ਦੇਖਦਿਆਂ ਪਿੰਡਾਂ ਵਿੱਚ ਠੰਢੀ ਬੀਅਰ ਦੀ ਸੁਵਿਧਾ ਦਿੱਤੀ ਗਈ ਹੈ। ਜਦੋਂ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਇੰਨ੍ਹਾਂ ਪਿੰਡਾਂ ’ਚ ਪੀਣ ਵਾਲੇ ਪਾਣੀ ਦੀ ਕਿੱਲਤ ਹੋਣ ਕਰਕੇ ਲੋਕਾਂ ਨੂੰ ਧਰਤੀ ਹੇਠਲਾ ਪਾਣੀ ਪੀਣਾ ਪੈਂਦਾ ਹੈ ਤਾਂ ਉਨ੍ਹਾਂ ਚੁੱਪ ਰਹਿਣਾ ਹੀ ਬੇਹਤਰ ਸਮਝਿਆ ।
ਜਲ ਜੀਵਨ ਮਿਸ਼ਨ ਯੋਜਨਾ ਚਾਲੂ
ਕੇਂਦਰ ਸਰਕਾਰ ਨੇ ਘਰ ਘਰ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਜਲ ਜੀਵਨ ਮਿਸ਼ਨ ਨਾਂ ਦੀ ਯੋਜਨਾ ਤਿਆਰ ਕੀਤੀ ਸੀ। ਸਾਲ 2019 ’ਚ ਸ਼ੁਰੂ ਇਸ ਯੋਜਨਾ ਨੂੰ ਪੰਜਾਬ ਸਰਕਾਰ ਦੀ ਸਾਂਝੇਦਾਰੀ ਨਾਲ 2024 ਤੱਕ ਮੁਕੰਮਲ ਕਰਨ ਦਾ ਪ੍ਰੋਗਰਾਮ ਹੈ ਜਿਸ ਤੋਂ ਬਾਅਦ ਰਾਹਤ ਦੀ ਉਮੀਦ ਕੀਤੀ ਜਾ ਸਕਦੀ ਹੈ।
ਸਰਕਾਰਾਂ ਦੀ ਤਰਜੀਹ ਸ਼ਰਾਬ
ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਪਿੰਡਾਂ ਵਿੱਚ ਸਾਫ ਪਾਣੀ ਪਹੁੰਚਾਉਂਦੀ ਪਰ ਬੀਅਰ ਆਮੋ ਆਮ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਸਰਕਾਰਾਂ ਦੀ ਤਰਜੀਹ ਸ਼ਰਾਬ ਹੈ, ਜਦੋਂ ਕਿ ਇਸ ਨਾਲ ਲੋਕਾਂ ਦੇ ਮਸਲੇ ਹੱਲ ਨਹੀਂ ਹੁੰਦੇ।
ਸਰਕਾਰ ਨੂੰ ਪ੍ਰਜੈਕਟ ਭੇਜਾਂਗੇ: ਐਕਸੀਅਨ
ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਕੇਵਲ ਗਰਗ ਦਾ ਕਹਿਣਾ ਸੀ ਕਿ ਪੁਰਾਣੇ ਜਲਘਰਾਂ ਦੇ ਨਵੀਨੀਕਰਨ ਲਈ ਸਰਕਾਰ ਨੂੰ ਪ੍ਰਜੈਕਟ ਭੇਜਿਆ ਜਾਏਗਾ। ਉਨ੍ਹਾਂ ਦੱਸਿਆ ਕਿ ਆਰ ਓ ਪਲਾਂਟ ਫੇਲ੍ਹ ਹੋਣ ਦਾ ਕਾਰਨ ਖਪਤਕਾਰਾਂ ਵੱਲੋਂ ਕਾਰਡ ਨਾਂ ਬਨਵਾਉਣਾ ਹੈ ਨਹੀਂ ਤਾਂ ਵੀ ਐਨੀ ਸਮੱਸਿਆ ਨਹੀਂ ਆਉਣੀ ਸੀ।