ਮੁਕਤਸਰ ਪੁਲਿਸ ਨੇ ਅਸਲੇ ਸਮੇਤ ਦਬੋਚਿਆ ਡਰਾਮੇਬਾਜ਼ ਅਗਵਾਕਾਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 28ਜੂਨ2022: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਆਪਣੀ ਪਤਨੀ ਤੋਂ ਤਲਾਕ ਲੈਣ ਦੇ ਬਹਾਨੇ ਖੁਦ ਨੂੰ ਹੀ ਅਗਵਾਕਰ ਬਨਾਉਣ ਦਾ ਡਰਾਮਾ ਕਰਨ ਵਾਲੇ ਨੌਜਵਾਨ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜਮ ਨੌਜਵਾਨ ਕੋਲੋਂ ਦੇਸੀ ਕੱਟਾ ਪਿਸਤੌਲ ਅਤੇ ਦੋ ਕਾਰਤੂਸ ਵੀ ਬਰਾਮਦ ਕੀਤੇ ਹਨ। ਹਾਲਾਂਕਿ ਮੁਲਜਮ ਨੌਜਵਾਨ ਗਗਨਦੀਪ ਸਿੰਘ ਨੇ ਇਹ ਡਰਾਮਾ ਕਾਫੀ ਯੋਜਨਾਬੱਧ ਢੰਗ ਨਾਲ ਕੀਤਾ ਜੋ ਪੁਲਿਸ ਦੀ ਤਿਰਛੀ ਨਜ਼ਰ ਅੱਗੇ ਟਿਕ ਨਾਂ ਸਕਿਆ ਅਤੇ ਪੁਲਿਸ ਟੀਮ ਦਬੋਚਣ ’ਚ ਸਫਲ ਹੋ ਗਈ।
ਸੀਨੀਅਰ ਪੁਲਿਸ ਕਪਤਾਨ ਧਰੁਮਣ ਐੱਚ. ਨਿੰਬਾਲੇ ਨੇ ਦੱਸਿਆ ਕਿ ਲੰਘੀ 16 ਜੂਨ ਨੂੰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੁਕੱਦਮਾ ਨੰਬਰ 107 ਧਾਰਾ 364,365,506 ਤਹਿਤ ਦਰਜ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਦੱਸਿਅ ਕਿ ਮੁਦਈ ਰਾਮ ਸਿੰਘ ਵਾਸੀ ਕੁਕਰੀਆਂ ਨਾ ਦੇ ਵਿਅਕਤੀ ਨੇ ਬਿਆਨ ਦਰਜ ਕਰਾਇਆ ਸੀ ਕਿ ਉਸਦਾ ਲੜਕਾ ਗਗਨਦੀਪ ਉਰਫ ਗੱਗੀ ਉਮਰ 23 ਸਾਲ ਪਰਮਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਬਹਾਵਲ ਵਾਲ, ਨੇੜੇ ਅਬੋਹਰ ਨਾਲ ਵਿਆਹਿਆ ਹੋਇਆ ਹੈ।ਉਸ ਨੇ ਦੱਸਿਆ ਸੀ ਕਿ ਮਿਤੀ 25 ਫਰਵਰੀ ਵਾਲੇ ਦਿਨ ਉਸਦੀ ਨੂੰਹ ਨੂੰ ਉਸਦੇ ਲੜਕੇ ਨੇ ਪਿੰਡ ਸ਼ਿਵਪੁਰ ਕੁਕਰੀਆਂ ਸ਼ਾਦੀ ਤੋ ਬਾਅਦ ਲਿਆਂਦਾ ਸੀ ।
ਉਸ ਦਿਨ ਤੋਂ ਹੀ ਮੇਰੇ ਲੜਕੇ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਉਸਨੇ ਉਸ ਲੜਕੀ(ਪਰਮਿੰਦਰ ਕੌਰ ) ਨਾਲ ਵਿਆਹ ਕਰਵਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ । ਉਸਦੇ ਲੜਕੇ ਵੱਲੋਂ ਤਲਾਕ ਨਾ ਲੈਣ ਦੀ ਸੂਰਤ ਵਿੱਚ ਮਾੜਾ ਹਸ਼ਰ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ । ਮੁਦਈ ਨੇ ਦੱਸਿਆ ਕਿ ਮਿਤੀ 14ਜੂਨ 2022 ਨੂੰ ਗਗਨਦੀਪ ਸਿੰਘ ਆਪਣੇ ਘਰ ਤੋ ਅਚਾਨਕ ਗਾਇਬ ਹੋ ਗਿਆ ਸੀ ਅਤੇ ਉਸਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਸੀ ।
ਉਸੇ ਦਿਨ ਸ਼ਾਮ ਨੂੰ 8 ਤੋਂ 9 ਵਜੇ ਉਸਦੇ ਭਾਣਜੇ ਮਨਦੀਪ ਸਿੰਘ ਵਾਸੀ ਪਿੰਡ ਗੰਗਾ ਦੇ ਫੋਨ ਨੰਬਰ (62393-94638)ਤੇ ਕਿਸੇ ਅਣਪਛਾਤੇ ਵਿਅਕਤੀ ਨੇ ਵੱਟਸਐਪ ਮੈਸਜ ਰਾਹੀ ਗੁੰਮ ਹੋਣ ਵਾਲੇ ਗਗਨਦੀਪ ਸਿੰਘ ਦੇ ਮੋਬਾਈਲ ਨੰਬਰ 81968-02839 ਤੋਂ ਇੱਕ ਵਟੱਸਐਪ ਆਡਿਉ ਕਲਿੱਪ ਰਾਹੀ ਜਾਣਕਾਰੀ ਦਿੱਤੀ ਕਿ ਗਗਨਦੀਪ ਸਿੰਘ ਨੂੰ ਉਹਨਾਂ ਨੇ ਅਗਵਾ ਕਰ ਲ਼ਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕਈ ਧਮਕੀ ਭਰੇ ਮੈਸਜ ਲਗਾਤਾਰ ਉਸਦੇ ਫੋਨ ’ਤੇ ਆਉਂਦੇ ਰਹੇ ਜਿਸ ਵਿੱਚ ਕਿਸੇ ਅਣਪਛਾਤੀ ਆਵਾਜ਼ ਵਿੱਚ ਪਰਮਿੰਦਰ ਕੌਰ ਤੋਂ ਗਗਨਦੀਪ ਸਿੰਘ ਨੂੰ ਤਲਾਕ ਦੇ ਕਾਗਜ਼ ਲਿਖ ਕੇ ਭੇਜਣ ਲਈ ਅਖਿਆ ਗਿਆ ਸੀ ।
ਅਜਿਹਾ ਨਾ ਹੋਣ ਦੀ ਸੂਰਤ ਵਿੱਚ ਗਗਨਦੀਪ ਸਿੰਘ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਗਈ ਸੀ । ਇਸਦੇ ਨਾਲ ਹੀ ਉਸੇ ਫੋਨ ਤੇ ਗਗਨਦੀਪ ਸਿੰਘ ਦੇ ਹੱਥ ਪੈਰ ਬੰਨ੍ਹ ਕੇ ਅਤੇ ਮੂੰਹ ਵਿੱਚ ਕੱਪੜਾ ਪਾ ਕੇ ਬੇਹੋਸ਼ੀ ਦੀ ਹਾਲਤ ਵਿੱਚ ਸੁੱਟੇ ਹੋਏ ਅਤੇ ਨਾਲ ਹੀ ਇੱਕ ਵਿਅਕਤੀ ਵੱਲੋ ਹੱਥ ਵਿੱਚ ਇੱਕ ਦੇਸੀ ਕੱਟਾ ਪਿਸਤੌਲ ਫੜੇ ਹੋਏ ਦੀਆਂ ਫੋਟੋਆਂ ਵੀ ਭੇਜੀਆਂ ਗਈਆਂ ਸਨ । ਉਨ੍ਹਾਂ ਦੱਸਿਆ ਕਿ ਡੀਐਸ ਪੀ ਅਮਰਜੀਤ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੇ ਮੁਖੀ ਜਗਸੀਰ ਸਿੰਘ ਸਾਈਬਰ ਕ੍ਰਾਈਮ ਸੈਲ ਅਤੇ ਹੋਰ ਵੱਖ ਵੱਚ ਢੰਗ ਤਰੀਕਿਆਂ ਨਾਲ ਪਤਾ ਲਾ ਲਿਆ ਕਿ ਗਗਨਦੀਪ ਸਿੰਘ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਬਲਕਿ ਉਹ ਖ਼ੁਦ ਹੀ ਅਗਵਾ ਹੋਣ ਦਾ ਡਰਾਮਾ ਕਰ ਰਿਹਾ ਹੈ ।
ਉਸ ਵੱਲੋਂ ਆਪਣੀ ਆਵਾਜ਼ ਬਦਲ ਕੇ ਕਿਸੇ ਅਣਪਛਾਤੀ ਥਾਂ ਤੋਂ ਵਾਰ-ਵਾਰ ਧਮਕੀ ਭਰੀਆਂ ਆਡਿਓ ਕਲਿੱਪ ਭੇਜੀਆਂ ਜਾ ਰਹੀਆਂ ਹਨ । ਪੁਲਿਸ ਨੇ ਗਗਨਦੀਪ ਸਿੰਘ ਦੇ ਅੰਮ੍ਰਿਤਸਰ ਦੇ ਕਿਸੇ ਹੋਟਲ ਵਿੱਚ ਛੁਪੇ ਹੋਣ ਦੀ ਪੈੜ ਵੀ ਨੱਪ ਲਈ । ਸਹਾਇਕ ਥਾਣੇਦਾਰ ਬਲਵੰਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਗਗਨਦੀਪ ਸਿੰਘ ਨੂੰ ਕਾਬੂ ਕਰ ਲਿਆ ਅਤੇ ਸਖ਼ਤੀ ਨਾਲ ਕੀਤ ਪੁੁੱਛਗਿੱਛ ਦੌਰਾਨ ਉਸਨੇ ਸਾਰਾ ਸੱਚ ਪੁਲਿਸ ਪਾਸ ਉਗਲ ਦਿੱਤਾ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਉਸ ਵੱਲੋਂ ਵਟੱਸਐਪ ਮੈਸਜ ਵਿੱਚ ਦਿਖਾਇਆ ਜਾ ਰਿਹਾ ਦੇਸੀ ਕੱਟਾ ਪਿਸਤੌਲ ਸਮੇਤ ਦੋ ਕਾਰਤੂਸਾਂ ਨੂੰ ਵੀ ਬਰਾਮਦ ਕਰ ਲਿਆ ।
ਉਨ੍ਹਾਂ ਦੱਸਿਆ ਕਿ ਸਬੰਧਤ ਮੁਕੱਦਮੇ ’ਚ ਕਥਿਤ ਅਗਵਾਕਾਰ ਗਗਨਦੀਪ ਸਿੰਘ ਨੂੰ ਹੀ ਦੋਸ਼ੀ ਨਾਮਜਦ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਉਸਦੇ ਬਰਖਿਲਾਫ ਧਾਰਾ 420,182,177 ਹਿੰ:ਦੰ ਅਤੇ 25/54/59 ਅਸਲਾ ਐਕਟ ਦਾ ਵਾਧਾ ਕਰਕੇ ਅਗਲੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਇਸੇ ਗਗਨਦੀਪ ਸਿੰਘ ਵੱਲੋ ਆਪਣੀ ਵਿਚੋਲਣ ਅਤੇ ਰਿਸ਼ਤੇਦਾਰਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਵੀ ਤਲਾਕ ਲੈਣ ਲਈ ਧਮਕੀ ਭਰੇ ਮੈਸਜ਼ ਭੇਜੇ ਜਾਦੇ ਰਹੇ ਸਨ ਜਿੰਨਾਂ ਬਾਰੇ ਜਾਂਚ ਨੂੰ ਵੱਖਰੇ ਤੌਰ ’ਤੇ ਅਮਲ ’ਚ ਲਿਆਂਦਾ ਜਾ ਰਿਹਾ ਹੈ ।