ਪਿੰਡ ਸਰਾਵਾਂ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸਮਾਗਮ ਕਰਵਾਇਆ
- ਡਿਪਟੀ ਕਮਿਸ਼ਨਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਮੂਹ ਲੋਕਾਂ ਨੂੰ ਸਹਿਯੋਗ ਦੀ ਅਪੀਲ
- ਨਸ਼ਿਆਂ ਸਬੰਧੀ ਜਾਣਕਾਰੀ ਪੁਲਿਸ ਹੈਲਪ ਲਾਈਨ ਤੇ ਦਿਓ-ਐਸ.ਐਸ.ਪੀ.
- ਪਿੰਡ ਸਰਾਵਾਂ ਵਿੱਚ ਕਰਾਸ ਫਿੱਟ ਜਿੰਮ ਦਾ ਉਦਘਾਟਨ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਜੈਤੋ/ਫਰੀਦਕੋਟ 28 ਜੂਨ 2022 - ਨਸ਼ਿਆ ਦੀ ਰੋਕਥਾਮ ਅਤੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਨੂੰ ਮੁੱਖ ਧਾਰਾ ਵਿੱਚ ਲਿਆ ਕਿ ਉਨ੍ਹਾਂ ਨੂੰ ਰੁਜਗਾਰ ਦੇ ਕਾਬਲ ਬਣਾਉਣ ਅਤੇ ਨੋਜਵਾਨਾਂ ਵਿੱਚ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ ਪ੍ਰਤੀ ਰੁਚੀ ਪੈਦਾ ਕਰਨ ਲਈ ਸਮੂਹ ਜਿਲਾ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤਾਂ ਜੋ ਨੋਜਵਾਨਾਂ ਵਰਗ ਨੂੰ ਨਸ਼ਿਆਂ ਪਾਸੇ ਜਾਣ ਤੋਂ ਰੋਕਿਆਂ ਜਾ ਸਕੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਬਲਾਕ ਜੈਤੋ ਦੇ ਪਿੰਡ ਸਰਾਵਾਂ ਵਿਖੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨ ਅਤੇ ਉਨ੍ਹਾਂ ਦੀਆਂ ਦੁੱਖ ਤਕਲੀਫਾਂ ਸੁਨਣ ਲਈ ਕਰਵਾਏ ਗਏ ਜਾਗਰੂਕਤਾ ਸਮਾਗਮ ਮੌਕੇ ਪ੍ਰਗਟ ਕੀਤਾ। ਇਸ ਮੌਕੇ ਐਸ.ਐਸ.ਪੀ. ਫਰੀਦਕੋਟ ਮੈਡਮ ਅਵਨੀਤ ਕੌਰ ਅਤੇ ਐਸ.ਡੀ.ਐਮ ਜੈਤੋ ਡਾ. ਨਿਰਮਲ ਓਸੇਪਚਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਨੋਜਵਾਨਾਂ ਸਮੇਤ ਸਮੁੱਚੇ ਪਿੰਡ ਵਾਸੀਆਂ ਦੀ ਖੇਡਾਂ ਪ੍ਰਤੀ ਰੁਚੀ ਨੂੰ ਵਧਾਉਣ ਅਤੇ ਉਨ੍ਹਾਂ ਨੂੰ ਸਵੇਰੇ ਸ਼ਾਮ ਕਸਰਤ ਕਰਨ ਲਈ ਪਿੰਡ ਵਿੱਚ ਕਰਾਸ ਫਿੱਟ ਜਿੰਮ ਵੀ ਸਥਾਪਤ ਕੀਤਾ ਗਿਆ ਹੈ ਜਿਸ ਦਾ ਅੱਜ ਸ਼ੁੱਭ ਆਰੰਭ ਕੀਤਾ ਗਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਪਿੰਡ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਤੇ ਜਿਲਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਕਿਉਂਕਿ ਅਜਿਹੀ ਸਮਾਜਿਕ ਅਲਾਮਤ ਨੂੰ ਖਤਮ ਕਰਨ ਅਤੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਸਮੂਹ ਨਗਰ ਵਾਸੀਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਤੋਂ ਪੀੜਤ ਲੋਕਾਂ ਨੂੰ ਨਸ਼ਾ ਛਡਾਉਣ ਲਈ ਜਿਲੇ ਵਿੱਚ ਨਸ਼ਾ ਛੁਡਾਉ ਕੇਂਦਰ, ਓਟ ਸੈਂਟਰ ਕੰਮ ਕਰ ਰਹੇ ਹਨ ਤੇ ਪੀੜਤ ਲੋਕਾਂ ਦਾ ਇੱਥੇ ਸਮੇਂ ਸਿਰ ਇਲਾਜ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਲਾ ਪ੍ਰਸ਼ਾਸ਼ਨ ਵੱਲੋਂ ਨਸ਼ਾ ਛੱਡ ਚੁੱਕੇ ਲੋਕਾਂ ਨੂੰ ਆਪਣੇ ਕੰਮ ਧੰਦੇ ਸ਼ੁਰੂ ਕਰਨ ਲਈ ਮੁਫਤ ਟਰੇਨਿੰਗ ਅਤੇ ਬੈਂਕਾਂ ਤੋਂ ਕਰਜਿਆਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਐਸ.ਐਸ.ਪੀ. ਮੈਡਮ ਅਵਨੀਤ ਕੌਰ ਨੇ ਪਿੰਡ ਵਾਸੀਆਂ ਨੂੰ ਕਿਹਾ ਜੇਕਰ ਕੋਈ ਵੀ ਨਸ਼ਾ ਵੇਚਦਾ ਜਾ ਨਸ਼ਾ ਕਰਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਪੁਲਿਸ ਹੈਲਪ ਲਾਈਨ ਤੇ ਦੇਣ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸੁਖਬੀਰ ਸਰਾਵਾਂ ਨੇ ਕਿਹਾ ਕਿ ਉਹ ਆਪਣੇ ਪਿੰਡ ਵਾਸੀਆਂ ਲਈ ਸਵੇਰੇ ਸ਼ਾਮ ਜਿੰਮ ਵਿੱਚ ਕਸਰਤ ਕਰਵਾਉਣ ਲਈ ਸਹਿਯੋਗ ਦੇਣਗੇ ਅਤੇ ਨੋਜਵਾਨਾਂ ਦੀ ਕਬੱਡੀ ਟੀਮ ਵੀ ਤਿਆਰ ਕੀਤੀ ਜਾਵੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਪਿੰਡ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਵਾਇਆ। ਨਸ਼ਿਆਂ ਖਿਲਾਫ ਕੰਮ ਕਰਨ ਵਾਲੇ ਪਿੰਡ ਵਾਸੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬੀ.ਡੀ.ਪੀ.ਓ ਜੈਤੋ ਸ੍ਰੀ ਅਭਿਨਵ ਗੋਇਲ, ਪਿੰਡ ਦੇ ਸਰਪੰਚ ਗੁਰਮੀਤ ਸਿੰਘ ਸਰਾਵਾਂ, ਸਕੱਤਰ ਪੰਚਾਇਤ ਬਲਰਾਜ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ, ਜਿੰਨਾ ਨੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਨੂੰ ਯਕੀਨ ਦਵਾਇਆ ਕਿ ਨਸ਼ਿਆਂ ਦੀ ਰੋਕਥਾਮ ਲਈ ਜਿਲਾ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇਣਗੇ।