ਮੁਕਤਸਰ ਪੁਲਿਸ ਦੇ ਛਾਪਿਆਂ ਨਾਲ ਚੜ੍ਹਿਆ ਅਫੀਮ ਤਸਕਰਾਂ ਨੂੰ ਨਸ਼ਾ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 28ਜੂਨ2022: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦਾ ਥਾਣਾ ਲੰਬੀ ਪੁਲਿਸ ਨੇ ਦੋ ਵੱਖ ਵੱਖ ਕਾਰਵਾਈਆਂ ਦੌਰਾਨ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਦੋ ਕਿੱਲੋ ਅਫੀਮ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਨਸ਼ਾ ਤਸਕਰ ਦੀ ਪਛਾਣ ਦਿਨੇਸ਼ ਕੁਮਾਰ ਸਾਲਵੀ ਪੁੱਤਰ ਬਾਲੂ ਲਾਲ ਵਾਸੀ ਧਵਾਲੀਆ ਤਹਿ: ਗੰਗਰਾਰ ਜਿਲ੍ਹਾ ਚਿਤੌੜਗੜ੍ਹ (ਰਾਜਸਥਾਨ) ਦੇ ਤੌਰ ਤੇ ਕੀਤੀ ਗਈ ਹੈ। ਐੱਸ.ਐੱਸ.ਪੀ ਧਰੁਮਨ ਐਚ ਨਿੰਬਾਲੇ ਨੇ ਦੱਸਿਆ ਕਿ ਥਾਣਾ ਲੰਬੀ ਦੇ ਮੁਖ ਥਾਣਾ ਅਫਸਰ ਸਬ ਇੰਸਪੈਕਟਰ ਮਨਿੰਦਰ ਸਿੰਘ ਨੂੰ ਇਹ ਸਫਲਤਾ ਉਸ ਵਕਤ ਮਿਲੀ ਜਦੋਂ ਉਹ ਗਸ਼ਤ ਕਰ ਰਹੇ ਸਨ। ਪਿੰਡ ਕਿੱਲਿਆਂਵਾਲੀ ਨੂੰ ਜਾਂਦੀ ਲਿੰਕ ਰੋਡ ਦੇ ਮੋੜ ਲਾਗੇ ਦਰੱਖਤਾਂ ਦੀ ਛਾਵੇਂ ਇੱਕ ਨੌਜਵਾਨ ਆਪਣੇ ਸੱਜੇ ਹੱਥ ਵਿੱਚ ਇੱਕ ਝੋਲਾ ਫੜੀ ਖੜਾ ਦਿਖਾਈ ਦਿੱਤਾ।
ਉਨ੍ਹਾਂ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖਦਿਆਂ ਆਪਣਾ ਝੋਲਾ ਜਮੀਨ ਤੇ ਸੁੱਟ ਕੇ ਖਿਸਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਬੂ ਕਰ ਲਿਆ। ਪੜਤਾਲ ਕਰਨ ਤੇ ਪੁਲਿਸ ਨੂੰ ਉਸ ਦੇ ਥੈਲੇ ਵਿੱਚੋਂਇੱਕ ਕਿੱਲੋ ਅਫੀਮ ਬਰਾਮਦ ਕੀਤੀ ਹੈ। ਥਾਣਾ ਲੰਬੀ ਪੁਲਿਸ ਨੇ ਦਿਨੇਸ਼ ਕੁਮਾਰ ਸਾਲਵੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸੇ ਤਰਾਂ ਹੀ ਥਾਣਾ ਲੰਬੀ ਪੁਲਿਸ ਨੇ ਲੰਬੀ ਇਲਾਕੇ ਵਿਚੋਂ ਹਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਇੱਕ ਕਿੱਲੋ ਅਫੀਮ ਬਰਾਮਦ ਕੀਤੀ ਹੈ। ਪੁਲਿਸ ਨੇ ਇਸ ਬਰਾਮਦਗੀ ਦੇ ਸਬੰਧ ’ਚ ਹਰਪ੍ਰੀਤ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਲੰਬੀ ਪੁਲਿਸ ਵੱਲੋਂ ਦੋਵਾਂ ਮਾਮਲਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ।