ਰੂਪਨਗਰ ਸ਼ਹਿਰ ਨੂੰ ਸਾਫ - ਸੁਥਰਾ ਰੱਖਣ ਲਈ ਸੋਰਸ ਸੈਗਰੀਗੇਸ਼ਨ ਕਰਨਾ ਅਤਿ ਜ਼ਰੂਰੀ-ਡੀ.ਸੀ.
ਹਰੀਸ਼ ਕਾਲੜਾ
ਰੂਪਨਗਰ, 28 ਜੂਨ 2022: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਮੰਗਲਵਾਰ ਨੂੰ ਰੂਪਨਗਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ ਜਿਸ ਤਹਿਤ ਸ਼ਹਿਰ ਵਿੱਚ ਨਗਰ ਕੌਂਸਲ ਰੂਪਨਗਰ ਵੱਲੋਂ ਸੋਲਿਡ ਵੇਸਟ ਮੈਨੇਜਮੈਂਟ ਅਧੀਨ ਡੋਰ-ਟੂ-ਡੋਰ ਸੋਰਸ ਸੈਗਰੀਗੇਸ਼ਨ ਸਬੰਧੀ ਚੈਕਿੰਗ ਕਰਦੇ ਹੋਏ ਨਗਰ ਕੌਂਸਲ ਦੀ ਐਮ.ਆਰ.ਐਫ (ਮਟੀਰੀਅਲ ਰਿਕਵਰੀ ਫੈਸਿਲਟੀ) ਦਾ ਦੌਰਾ ਕੀਤਾ ਗਿਆ।
ਇਸ ਮੌਕੇ ਡਾ. ਪ੍ਰੀਤੀ ਯਾਦਵ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਐਮ.ਆਰ.ਐਫ. ਵਿੱਚ ਈ-ਵੇਸਟ ਲਈ ਲਗਾਏ ਪਲਾਸਟਿਕ ਕੰਨਟੇਨਰ ਦੀ ਥਾਂ ਤੇ ਲੋਹੇ ਦੇ ਕੰਨਟੇਨਰ ਲਗਾਏ ਜਾਣ। ਇਸ਼ ਦੌਰਾਨ ਉਨ੍ਹਾਂ ਵੱਲੋਂ ਕੰਪੋਜਿਟ ਪਿਟਸ ਦਾ ਵੀ ਨਿਰੀਖਣ ਕੀਤਾ ਗਿਆ। ਜਿਸ ਉਪਰੰਤ ਉਨ੍ਹਾਂ ਵੱਲੋਂ ਨਗਰ ਕੌਂਸਲ ਦੀ ਡੰਪਿੰਗ ਸਾਇਟ ਦਾ ਦੌਰਾ ਕਰਕੇ ਮੌਕੇ ਤੇ ਲੀਗੇਸੀ ਵੇਸਟ ਦੀ ਕੀਤੀ ਜੀ ਰਹੀ ਰੀਮੈਡੀਏਸ਼ਨ ਦਾ ਨਿਰੀਖਣ ਕੀਤਾ ਗਿਆ ਅਤੇ ਇਹ ਵੀ ਆਦੇਸ਼ ਦਿੱਤੇ ਕਿ ਡੰਪਿੰਗ ਸਾਇਟ ਲਈ ਇਸ ਪਿੰਡ ਦੇ ਨਾਲ ਲੱਗਦੇ ਖਾਲੀ ਪਏ ਰਕਬੇ ਦੀ ਪਛਾਣ ਕਰਕੇ ਰਿਪੋਰਟ ਕੀਤੀ ਜਾਵੇ ਤਾਂ ਜੋ ਪਲੇਨ ਏਰੀਏ ਵਿੱਚ ਜਗ੍ਹਾ ਪ੍ਰਾਪਤ ਕਰਕੇ ਰੂਲਾਂ ਦੀ ਪਾਲਣਾ ਕਰਦੇ ਹੋਏ ਨਗਰ ਕੌਂਸਲ ਵੱਲੋਂ ਡੰਪਿੰਗ ਸਾਇਟ ਤੇ ਬਾਊਂਡਰੀ ਵਾਲ, ਐਸ.ਐਲ.ਐਫ ਅਤੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾ ਸਕਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸੋਨਾ ਥਿੰਦ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦਾ ਗਿੱਲਾ/ਸੁੱਕਾ ਕੂੜਾ ਵੱਖੋ-ਵੱਖਰਾ ਕਰਕੇ ਰੇਹੜੀ ਵਾਲਿਆਂ ਨੂੰ ਦਿੱਤਾ ਜਾਵੇ ਅਤੇ ਖੁੱਲ੍ਹੇ ਵਿੱਚ ਸੜਕਾਂ-ਗਲੀਆਂ ਕਿਨਾਰੇ ਕੂੜਾ ਕਰਕਟ ਨਾ ਸੁੱਟਿਆ ਜਾਵੇ। ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ, ਇਸ ਨਾਲ ਜਿੱਥੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿੱਚ ਮੱਦਦ ਮਿਲਦੀ ਹੈ, ਉੱਥੇ ਵਾਤਾਵਰਣ ਦੀ ਸਾਂਭ-ਸੰਭਾਲ ਵਿੱਚ ਵੀ ਸਹਾਈ ਸਿੱਧ ਹੁੰਦਾ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਵਲੋਂ ਰੂਪਨਗਰ ਜ਼ਿਲ੍ਹੇ ਨੂੰ ਸਾਫ-ਸੁਥਰਾ ਬਣਾਉਣ ਵਿੱਚ ਨਗਰ ਕੌਂਸਲ ਦਾ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਅਸੀਂ ਸਵੱਛ ਭਾਰਤ ਅਭਿਆਨ ਦੇ ਵਿੱਚ ਸਫਲ ਹੋਈਏ।
ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜ ਸਾਧਕ ਅਫਸਰ ਨਗਰ ਕੌਂਸਲ ਰੂਪਨਗਰ ਭਜਨ ਚੰਦ, ਪੰਕਜ ਕੁਮਾਰ ਅਤੇ ਸਤਨਾਮ ਸਿੰਘ ਸੈਨੇਟਰੀ ਇੰਸਪੈਕਟਰ ਮੌਜੂਦ ਸਨ।