ਸ਼ਾਮਲਾਟ ਜ਼ਮੀਨ ਮਾਮਲਾ: ਨੈਸ਼ਨਲ ਹਾਈਵੇ ਜਾਮ ਕਰਕੇ ਦਿੱਤੀ ਸਰਕਾਰ ਨੂੰ ਚੁਣੌਤੀ
ਅਸ਼ੋਕ ਵਰਮਾ
ਬਠਿੰਡਾ, 28 ਜੂਨ,2022 :ਬਠਿੰਡਾ ਜਿਲ੍ਹੇ ਦੇ ਅੱਧੀ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਅੱਜ ਸ਼ਾਮਲਾਟ ਜਮੀਨਾਂ ਦੇ ਮਾਮਲੇ ਨੂੰ ਗੰਭੀਰ ਮੰਨਦਿਆਂ ਬਠਿੰਡਾ ਅੰਮ੍ਰਿਤਸਰ ਕੌਮੀ ਸੜਕ ਜਾਮ ਕਰ ਦਿੱਤੀ ਹੈ ਜਿਸ ਦੇ ਸਿੱਟੇ ਵਜੋਂ ਇਸ ਸੜਕ ਰਾਹੀਂ ਆਪੋ ਆਪਣੀਆਂ ਗੱਡੀਆਂ ਨਾਲ ਸਫਰ ਕਰਨ ਵਾਲਿਆਂ ਤੋਂ ਇਲਾਵਾ ਟਰੱਕ ਚਾਲਕਾਂ ਅਤੇ ਬੱਸਾਂ ਵਾਲਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪੁਲਿਸ ਪ੍ਰਸ਼ਾਸ਼ਨ ਨੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਲੰਘਾਉਣ ਦੇ ਯਤਨ ਕੀਤੇ ਹਨ ਫਿਰ ਜਾਮ ਤੋਂ ਅਣਜਾਣ ਲੋਕਾਂ ਨੂੰ ਲਗਾਤਾਰ ਖੱਜਲਖੁਆਰੀ ਦਾ ਸਾਹਮਣਾ ਕਰਨਾ ਪਿਆ ਹੈ।
ਧਰਨਾਕਾਰੀ ਕਿਸਾਨ ਆਪਣੀਆਂ ਜਮੀਨਾਂ ਨਾਲ ਛੇੜਛਾੜ ਕਰਨ ਤੋਂ ਭੜਕੇ ਹੋਏ ਹਨ ਅਤੇ ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਕਰਦੀ ਉਹ ਸੜਕ ਖਾਲੀ ਨਹੀਂ ਕਰਨਗੇ। ਇਸੇ ਦੌਰਾਨ ਪੁਲਿਸ ਪ੍ਰਸ਼ਾਸ਼ਨ ਤਰਫੋਂ ਥਾਣਾ ਨੇਹੀਆਂ ਵਾਲਾ ਦੇ ਮੁੱਖ ਥਾਣਾ ਅਫਸਰ ਨੇ ਧਰਲੇ ਦੀ ਅਗਵਾਈ ਕਰਨ ਵਾਲਿਆਂ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦੀ ਪੇਸ਼ਕਸ਼ ਕਰਕੇ ਧਰਨਾ ਖੁੱਕਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੀ ਮੰਗ ਤੇ ਅੜੇ ਹੋਏ ਸਨ। ਦੋਵਾਂ ਧਿਰਾਂ ਵਿਚਕਾਰ ਗੱਲਬਾਤ ਬੇਸਿੱਟਾ ਰਹਿਣ ਕਰਕੇ ਆਖਰੀ ਖਬਰਾਂ ਲਿਖੇ ਜਾਣ ਤੱਕ ਸੜਕ ਤੇ ਜਾਮ ਲੱਗਿਆ ਹੋਇਆ ਸੀ ।
ਦੂਜੇ ਪਾਸੇ ਗੱਡੀਆਂ ਵਾਲੇ ਪ੍ਰੇਸ਼ਾਨੀ ਦੇ ਆਲਮ ’ਚ ਸੜਕ ਖੁੱਲ੍ਹਣ ਦੇ ਇੰਤਜ਼ਾਰ ’ਚ ਵਿੰਗੇ ਟੇਢੇ ਰਸਤਿਆਂ ਰਾਹੀਂ ਭਟਕ ਰਹੇ ਸਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦਾ 155 ਏਕੜ, ਖੇਮੂਆਣਾ ਦਾ 119 ਏਕੜ, ਜੰਡਾਵਾਲਾ ਦਾ 1475 ਏਕੜ, ਗੋਨਿਆਣਾ ਖ਼ੁਰਦ ਦਾ 274 ਏਕੜ, ਹਰਰਾਏਪੁਰ ਦਾ 923 ਏਕੜ ਅਤੇ ਵਿਰਕ ਕਲਾਂ ਦਾ 755 ਏਕੜ ਰਕਬਾ ਹੈ ਜਿਸ ਬਾਰੇ ਪੇਚ ਫਸਿਆ ਹੈ। ਸਰਕਾਰ ਦੀ ਦਲੀਲ ਹੈ ਕਿ ਕੈਬਨਿਟ ਦੇ ਫ਼ੈਸਲੇ ਦੇ ਆਧਾਰ ’ਤੇ ਮਾਲਕੀ ਤਬਦੀਲ ਨਹੀਂ ਕੀਤੀ ਜਾ ਸਕਦੀ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੱਤਕਾਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਵਜ਼ਾਰਤ ਇਨ੍ਹਾਂ ਛੇ ਪਿੰਡਾਂ ਦੀ ਪੰਚਾਇਤੀ ਸ਼ਾਮਲਾਟ ਦੀ ਮਾਲਕੀ ਕਾਸ਼ਤਕਾਰ ਕਿਸਾਨਾਂ ਦੇ ਨਾਂ ਕਰਨ ਦਾ ਫ਼ੈਸਲਾ ਲਿਆ ਸੀ।
ਇਸ ਫੈਸਲੇ ਤੋਂ ਪਹਿਲਾਂ ਇੰਨ੍ਹਾਂ ਪਿੰਡਾਂ ਦੇ ਕਿਸਾਨ ਸ਼ਾਮਲਾਟ ਜਮੀਨਾਂ ਦੀ ਮਲਕੀਅਤ ਹਾਸਲ ਕਰਨ ਦੇ ਮਕਸਦ ਨਾਲ ਕਾਫੀ ਜੱਦੋਜਹਿਦ ਕਰਦੇ ਆ ਰਹੇ ਸਨ। ਸੰਘਰਸ਼ ਦੇ ਦਬਾਅ ਹੈਠ ਚੋਣਾਂ ਦੌਰਾਨ ਹੋਣ ਵਾਲੇ ਸਿਆਸੀ ਨਫੇ ਨੁਕਸਾਨ ਨੂੰ ਦੇਖਦਿਆਂ ਗੱਠਜੋੜ ਸਰਕਾਰ ਇਸ ਰਾਹ ਪਈ ਸੀ। ਵੇਰਵਿਆਂ ਅਨੁਸਾਰ ਇੰਨ੍ਹਾਂ ਜਮੀਨਾਂ ਤੇ ਕਿਸਾਨਾਂ ਵੱਲੋਂ ਲਾਗਤਾਰ ਖੇਤੀ ਕੀਤੀ ਜਾ ਰਹੀ ਸੀ ਤੇ ਕਦੇ ਇਹ ਮਾਮਲਾ ਉੱਠਿਆ ਨਹੀਂ ਸੀ। ਹੁਣ ਜਦੋਂ ਨਵੀਂ ਸਰਕਾਰ ਨੇ ਸ਼ਾਮਲਾਟ ਜਮੀਨਾਂ ਦਾ ਮਾਮਲਾ ਖੰਘਾਲਣਾ ਸ਼ੁਰੂ ਕੀਤਾ ਹੈ ਤਾਂ ਵਿਰੋਧ ’ਚ ਕਿਸਾਨ ਇਕੱਠੇ ਹੋ ਗਏ ਹਨ। ਇੰਨ੍ਹਾਂ ਕਿਸਾਨਾਂ ਵੱਲੋਂ ਬਣਾਈ ਸੰਘਰਸ਼ ਕਮੇਟੀ ਤੇ ਤਿੰਨ ਚਾਰ ਦਿਨ ਪਹਿਲਾਂ ਅਲਟੀਮੇਟਮ ਦਿੱਤਾ ਸੀ ।
ਜਦੋਂ ਸਰਕਾਰ ਨੇ ਕੋਈ ਪਹਿਲਕਦਮੀ ਨਾਂ ਕੀਤੀ ਤਾਂ ਕਿਸਾਨ ਸੜਕ ਤੇ ਦਰੀਆਂ ਵਿਛਾਕੇ ਬੈਠ ਗਏ ਹਨ।ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਗਸੀਰ ਸਿੰਘ ਜੀਦਾ ,ਬੇਅੰਤ ਸਿੰਘ ਨਹੀਆਂਵਾਲਾ, ਸੰਘਰਸ਼ ਕਮੇਟੀ ਦੇ ਆਗੂ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਪਹਿਲੀ ਸਰਕਾਰ ਵੱਲੋਂ ਸ਼ਾਮਲਾਟ ਜ਼ਮੀਨਾਂ ਕਾਬਜ਼ ਲੋਕਾਂ ਨੂੰ ਮਾਲਕੀ ਹੱਕ ਦੇਣ ਸਬੰਧੀ ਫੈਸਲੇ ਦੇ ਖਿਲਾਫ ਜਾਕੇ ਮੌਜੂਦਾ ਸਰਕਾਰ ਸ਼ਾਮਲਾਟ ਜ਼ਮੀਨਾਂ ਨੂੰ ਲੈਕੇ ਕੀਤੇ ਗਏ ਪੁਰਾਣੇ ਇੰਤਕਾਲ ਤੜਵਾਉਣ ਦੇ ਚੱਕਰ ’ਚ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਜਮੀਨ ਕਿਸਾਨ ਦੀ ਜਿੰਦ ਜਾਨ ਹੁੰਦੀ ਹੈ ਇਸ ਲਈ ਉਹ ਜਾਨ ਦੇ ਦੇਣਗੇ ਪਰ ਜਮੀਨਾਂ ਨਹੀਂ ਛੱਡਣਗੇ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾ ਦੀ ਮੰਗ ਨਹੀਂ ਮੰਨੀ ਜਾਂਦੀ ਸੜਕ ਤੇ ਧਰਨਾ ਜਾਰੀ ਰੱਖਿਆ ਜਾਏਗਾ।