ਅਮਰੀਕਾ ਫੇਰ ਦਹਿਲਿਆ, ਡੌਕੀ ਦੌਰਾਨ 46 ਲੋਕਾਂ ਦੀ ਮੌਤ
ਗੁਰਿੰਦਰਜੀਤ ਨੀਟਾ ਮਾਛੀਕੇ
ਸੈਨ-ਐਨਟੋਨੀਓ (ਟੈਕਸਾਸ), 28 ਜੂਨ 2022 - ਅਮਰੀਕਾ ਵਿੱਚ ਹਰ ਸਾਲ ਜਿੱਥੇ ਗੋਲੀ ਨਾਲ ਦਰਜਨਾਂ ਲੋਕ ਮਾਰੇ ਜਾਂਦੇ ਨੇ, ਓਥੇ ਇੱਕ ਹੋਰ ਤ੍ਰਾਸਦੀ ਡੌਕੀ ਦੌਰਾਨ ਵੀ ਹਰ ਸਾਲ ਮੌਤਾਂ ਦਾ ਅੰਕੜਾ ਵੱਧ ਰਿਹਾ ਹੈ। ਲੰਘੇ ਸੋਮਵਾਰ ਅਮਰੀਕਾ ਦੇ ਦੱਖਣ-ਪੱਛਮੀ ਟੈਕਸਾਸ ਦੇ ਸੈਨ ਐਂਟੋਨੀਓ ਵਿੱਚ ਇੱਕ ਟਰੱਕ -ਟ੍ਰੇਲਰ ਦੇ ਅੰਦਰੋਂ ਘੱਟੋ-ਘੱਟ 46 ਦੀਆਂ ਲਾਸ਼ਾਂ ਮਿਲਿਆ ਜਦੋਂ ਕਿ 16 ਹੋਰਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਪ੍ਰਵਾਸੀਆਂ ਦੀ ਤਸਕਰੀ ਨਾਲ ਜੁੜੀ ਹੋਣ ਦਾ ਸ਼ੱਕ ਹੈ। ਪੁਲਸ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਸ਼ਾਮ 6 ਵਜੇ ਦੇ ਕਰੀਬ ਮਦਦ ਲਈ ਆਵਾਜ਼ ਸੁਣ ਕੇ ਘਟਨਾ ਸਥਾਨ 'ਤੇ ਮੌਜੂਦ ਸ਼ਹਿਰ ਦੇ ਇੱਕ ਕਰਮਚਾਰੀ ਨੂੰ ਸਥਿਤੀ ਦਾ ਅੰਦਾਜ਼ਾ ਹੋਇਆ।
ਫਾਇਰ ਡਿਪਾਰਟਮੈਂਟ ਦੇ ਮੁਖੀ ਚਾਰਲਸ ਹੁੱਡ ਨੇ ਕਿਹਾ ਕਿ ਗਰਮੀ ਕਾਰਨ ਬੀਮਾਰ ਪਏ ਜਿਨ੍ਹਾਂ 16 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਉਨ੍ਹਾਂ ਵਿੱਚ12 ਬਾਲਗ ਅਤੇ 4 ਬੱਚੇ ਹਨ। ਮਰੀਜ਼ਾਂ ਦੇ ਸਰੀਰ ਤਪ ਰਹੇ ਸਨ ਅਤੇ ਟਰੇਲਰ ਵਿੱਚ ਬਿਲਕੁਲ ਵੀ ਪਾਣੀ ਨਹੀਂ ਸੀ। ਮੈਕਮੈਨਸ ਨੇ ਕਿਹਾ ਕਿ ਇਸ ਮਾਮਲੇ 'ਚ 3 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਮੁੱਢਲੀ ਜਾਂਚ ਤੋ ਪਤਾ ਲਗਦਾ ਹੈ ਕਿ ਇਹ ਸਾਰੇ ਡੌਕੀ ਲਾਕੇ ਅਮਰੀਕਾ ਵਿੱਚ ਦਾਖਲ ਹੋ ਰਹੇ ਸਨ।
ਇਹ ਪਿਛਲੇ ਕੁਝ ਦਹਾਕਿਆਂ ਤੋਂ ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿਚ ਮਾਰੇ ਗਏ ਹਜ਼ਾਰਾਂ ਲੋਕਾਂ ਦੀ ਘਟਨਾ ਵਿਚ ਇਹ ਸਭ ਤੋਂ ਘਾਤਕ ਤ੍ਰਾਸਦੀ ਹੋ ਸਕਦੀ ਹੈ। 2017 ਵਿੱਚ, ਸੈਨ ਐਂਟੋਨੀਓ ਵਿਚ ਇੱਕ ਵਾਲਮਾਰਟ ਵਿੱਚ ਇੱਕ ਪਾਰਕ ਕੀਤੇ ਟਰੱਕ ਦੇ ਅੰਦਰ ਫਸਣ ਤੋਂ ਬਾਅਦ 10 ਪ੍ਰਵਾਸੀਆਂ ਦੀ ਮੌਤ ਹੋ ਗਈ ਸੀ। 2003 ਵਿੱਚ, ਸੈਨ ਐਂਟੋਨੀਓ ਦੇ ਦੱਖਣ-ਪੂਰਬ ਵਿੱਚ ਇੱਕ ਟਰੱਕ ਵਿੱਚ 19 ਪ੍ਰਵਾਸੀ ਮਿਲੇ ਸਨ।