ਇੱਕ ਹੋਰ 70 ਸਾਲਾ ਔਰਤ ਹੋਈ ਸਾਈਬਰ ਠੱਗੀ ਦੀ ਸ਼ਿਕਾਰ, 15 ਲੋਕਾਂ ਨੇ ਗਵਾਏ 53 ਲੱਖ ਰੁਪਏ
ਮਾਮਲੇ ਦਰਜ ਕਰਨ ਦੇ ਬਾਵਜੂਦ ਪੁਲਿਸ ਦੇ ਹੱਥ ਅਜੇ ਤੱਕ ਖਾਲੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 29 ਜੂਨ 2022
ਹਾਈਟੈਕ ਜ਼ਮਾਨੇ ਵਿਚ ਠੱਗਾਂ ਵੱਲੋਂ ਠੱਗੀਆਂ ਮਾਰਨ ਦੇ ਹਾਇਟੈਕ ਤਰੀਕੇ ਹੀ ਅਮਨਾਏ ਜਾ ਰਹੇ ਹਨ। ਅੱਜ ਕੱਲ ਇੱਕ ਹੋਰ ਤਰਾਂ ਦੀ ਠੱਗੀ ਆਮ ਹੋ ਗਈ ਹੈ । ਜਿਸ ਦਾ ਸ਼ਿਕਾਰ ਕੁਝ ਪੜ੍ਹੇ-ਲਿਖੇ ਲੋਕ ਵੀ ਹੋ ਰਹੇ ਹਨ। ਠੱਗਾਂ ਵੱਲੋਂ ਕਿਸੇ ਇੰਟਰਨੈਸ਼ਨ ਨੰਬਰ ਤੋਂ ਮੋਬਾਇਲ ਤੇ ਵਾਟਸਅਪ ਕਾਲ ਕੀਤੀ ਜਾਂਦੀ ਹੈ ਅਤੇ ਆਪਣੇ ਆਪ ਨੂੰ ਉਹਨਾਂ ਦਾ ਕੋਈ ਰਿਸ਼ਤੇਦਾਰ ਦੱਸ ਕੇ ਉਸ ਨੂੰ ਫਰਜ਼ੀ ਵੈਸਟਰਨ ਯੁਨੀਅਨ ਦੀ ਲੱਖਾਂ ਰੁਪਏ ਦੀ ਇਕ ਸਲਿੱਪ ਭੇਜ ਦਿੱਤੀ ਜਾਂਦੀ ਹੈ ਕਿ ਇਹ ਪੈਸੇ ਉਸ ਨੂੰ ਭੇਜ ਦਿੱਤੇ ਗਏ ਹਨ ਤੇ ਫੇਰ ਉਸ ਨੂੰ ਝਾਂਸੇ ਵਿੱਚ ਲੈ ਕੇ ਇਕ ਅਕਾਉਟ ਨੰਬਰ ਵਿਚ ਪੈਸੇ ਪਾਉਣ ਲਈ ਕਿਹਾ ਜਾਂਦਾ ਹੈ। ਅਕਸਰ ਇਸ ਵਿਚ ਇਮੋਸ਼ਨਲ ਬਲੈਕਮੇਲਿੰਗ ਵੀ ਹੁੰਦੀ ਹੈ ਅਤੇ ਠੱਗ ਵੱਲੋਂ ਕੁਝ ਲਾਲਚ ਵੀ ਦਿੱਤਾ ਜਾਂਦਾ ਹੈ। ਠੱਗ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਅਕਾਊਂਟ ਉਸ ਦੇ ਕਿਸੇ ਮਿੱਤਰ ਦਾ ਹੈ ਜਿਸ ਦਾ ਬੇਟਾ ਜਾਂ ਬੇਟੀ ਬਹੁਤ ਸੀਰੀਅਸ ਕੰਡੀਸ਼ਨ ਵਿੱਚ ਹਸਪਤਾਲ ਵਿੱਚ ਦਾਖਲ ਹੈ ਅਤੇ ਉਸ ਨੂੰ ਪੈਸੇ ਦੀ ਲੋੜ ਹੈ। ਲਾਲਚ ਇਹ ਦਿੱਤਾ ਜਾਂਦਾ ਹੈ ਕਿ ਠੱਗ ਉਸ ਨੂੰ ਅਕਾਉਂਟ ਵਿੱਚ ਪੁਆਏ ਗਏ ਪੈਸਿਆਂ ਤੋਂ ਜ਼ਿਆਦਾ ਪੈਸੇ ਵਾਪਸ ਦੇ ਰਿਹਾ ਹੈ।
ਔਨਲਾਈਨ ਠੱਗੀਆਂ ਦੀ ਜਾਂਚ ਕਰਨ ਵਾਲੇ ਗੁਰਦਾਸਪੁਰ ਦੇ ਸਾਈਬਰ ਕਰਾਇਮ ਸੈੱਲ ਅਨੁਸਾਰ ਹੁਣ ਤੱਕ ਗੁਰਦਾਸਪੁਰ ਦੇ 15 ਅਜਿਹੀ ਠੱਗੀਆਂ ਦੇ ਸ਼ਿਕਾਰ ਹੋਏ ਲੋਕਾਂ ਦੀਆਂ ਸ਼ਿਕਾਇਤਾਂ ਆ ਚੁੱਕੀਆਂ ਹਨ ਅਤੇ ਠੱਗ ਇਨ੍ਹਾਂ ਕੋਲੋਂ ਕੁਲ 52 ਲੱਖ 75 ਹਜ਼ਾਰ ਰੁਪਏ ਦੀ ਰਾਸ਼ੀ ਠੱਗ ਚੁੱਕੇ ਹਨ।
ਤਾਜੇ ਮਾਮਲੇ ਵਿੱਚ ਠੱਗਾਂ ਦੀ ਸ਼ਿਕਾਰ ਇਕ 70 ਸਾਲਾ ਬਜ਼ੁਰਗ ਔਰਤ ਹੋਈ ਹੈ। ਜਿਸ ਦੀ ਸ਼ਿਕਾਇਤ ਤੇ ਸਾਈਬਰ ਸੈੱਲ ਵੱਲੋਂ ਇਨਕੁਆਰੀ ਕਰਨ ਤੋਂ ਬਾਅਦ ਥਾਣਾ ਸਿਟੀ ਗੁਰਦਾਸਪੁਰ ਵਿੱਚ ਨਾ-ਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।ਪਰਮਿੰਦਰ ਕੋਰ ਪਤਨੀ ਮਹਿੰਦਰ ਸਿੰਘ ਵਾਸੀ ਗਲੀ ਨੰ:3 ਬਾਬਾ ਟਹਿਲ ਸਿੰਘ ਕਲੋਨੀ ਤਿੱਬੜੀ ਰੋਡ ਗੁਰਦਾਸਪੁਰ ਅਨੁਸਾਰ ਉਸ ਦੇ ਫਰਜੀ ਰਿਸਤੇਦਾਰ ਅਤੇ ਉਸਦਾ ਫਰਜੀ ਵਕੀਲ ਬਣ ਕੇ ਫੋਨ ਕਾਲ ਕਰਕੇ 7 ਲੱਖ 80 ਹਜ਼ਾਰ ਰੁਪਏ ਠੱਗਾਂ ਵੱਲੋਂ ਵੱਖ-ਵੱਖ ਅਕਾਊਟਾਂ ਵਿੱਚ ਪਵਾ ਲਏ ਗਏ।
ਸਾਈਬਰ ਸੈੱਲ ਇਨਕੁਆਰੀ ਤੋਂ ਬਾਅਦ ਅਜਿਹੀਆਂ ਠੱਗੀਆਂ ਦੇ ਮਾਮਲੇ ਤਾਂ ਲਗਾਤਾਰ ਦਰਜ ਕਰ ਰਿਹਾ ਹੈ ਪਰ ਅਜਿਹੇ ਕਿਸੇ ਵੀ ਮਾਮਲੇ ਵਿਚ ਅਜੇ ਤੱਕ ਪੁਲਿਸ ਨੂੰ ਕੋਈ ਗ੍ਰਿਫਤਾਰੀ ਕਰਨ ਵਿਚ ਸਫਲਤਾ ਹਾਸਲ ਨਹੀਂ ਹੋਈ ਹੈ। ਵੱਡਾ ਸਵਾਲ ਇਹ ਹੈ ਕਿ ਪੁਲਿਸ ਨੇ ਨਸ਼ਾ ਤੇ ਪੱਗਾਂ ਤਕ ਕਦੇ ਪਹੁੰਚ ਪਾਏਗੀ ਜਾ ਨਹੀਂ?