ਸਿੱਧੂ ਮੂਸੇਵਾਲਾ ਦਾ ਗੀਤ ਐੱਸਵਾਈਐੱਲ ਲੀਕ ਕਰਨ ਸਬੰਧੀ ਕੇਸ ਦਰਜ
ਸੰਜੀਵ ਜਿੰਦਲ,ਬਾਬੂਸ਼ਾਹੀ ਨੈਟਵਰਕ
ਮਾਨਸਾ, 29 ਜੂਨ 2022 - ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਐੱਸਵਾਈਐੱਲ ਨੂੰ ਰਿਲੀਜ਼ ਤਰੀਕ ਤੋਂ ਪਹਿਲਾਂ ਲੀਕ ਕਰਨ ’ਤੇ ਮਾਨਸਾ ਦੇ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਸ ਗੀਤ ਦੇ ਲੀਕ ਹੋਣ ਤੋਂ ਬਾਅਦ ਥਾਣਾ ਸਦਰ ਵਿੱਚ ਅਰਜ਼ੀ ਦਾਇਰ ਕੀਤੀ ਹੈ , ਜਿਸ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸਿੱਧੂ ਮੂਸੇਵਾਲਾ ਦਾ ਇਹ ਗੀਤ 23 ਜੂਨ ਨੂੰ ਸ਼ਾਮ ਦੇ 6 ਵਜੇ ਯੂਟਿਊਬ ਉਪਰ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਚੈਨਲ ਉਤੇ ਜਾਰੀ ਕੀਤਾ ਗਿਆ ਸੀ, ਜਿਸ ਨੂੰ ਹੁਣ ਉਥੋਂ ਕੇਂਦਰ ਸਰਕਾਰ ਦੇ ਕਹਿਣ ‘ਤੇ ਹਟਾ ਵੀ ਦਿੱਤਾ ਗਿਆ ਹੈ।ਪਤਾ ਲੱਗਿਆ ਹੈ ਕਿ ਇਹ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਿਸੇ ਭੇਤੀ ਵਲੋਂ 20 ਜੂਨ ਨੂੰ ਹੀ ਲੀਕ ਕਰ ਦਿੱਤਾ ਸੀ ।
ਪਰਚਾ ਦਰਜ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਂਝ ਤਾਂ ਅਜਿਹਾ ਕਰਨ ਵਾਲੇ ਵਿਅਕਤੀ ਨੂੰ ਉਹ ਇੱਕ ਵਾਰ ਮੁਆਫ ਕਰੀਂ ਬੈਠੇ ਹਨ ਪਰ ਜੇ ਉਹ ਵਿਅਕਤੀ ਭਵਿੱਖ ਵਿੱਚ ਵੀ ਅਜਿਹਾ ਕਰੇਗਾ ਤਾਂ ਉਸ ਨਾਲ ਕੋਈ ਲਿਹਾਜ਼ ਨਹੀਂ ਕੀਤੀ ਜਾਵੇਗੀ। ਮਰਹੂਮ ਗਾਇਕ ਦੀ ਮਾਤਾ ਚਰਨ ਕੌਰ, ਜੋ ਪਿੰਡ ਮੂਸਾ ਦੇ ਮੌਜੂਦਾ ਸਰਪੰਚ ਵੀ ਹਨ, ਕਿਹਾ ਕਿ ਅਜਿਹੀ ਸ਼ਰਾਰਤ ਕਰਨ ਵਾਲਾ ਮੁਆਫੀ ਯੋਗ ਤਾਂ ਨਹੀਂ ਹੁੰਦਾ ਪਰ ਫਿਰ ਵੀ ਇਕ ਵਾਰ ਉਸ ਨੂੰ ਬਖ਼ਸ਼ਿਆ ਤਾਂ ਜਾਵੇ ਪਰ ਲੋਕਾਂ ਸਾਹਮਣੇ ਫਿਰ ਵੀ ਉਸਨੂੰ ਜੱਗ ਜ਼ਾਹਰ ਕਰਨਾ ਚਾਹੀਦਾ ਹੈ ਤਾਂ ਜੋ ਸਭ ਨੂੰ ਉਸ ਦੇ ਕਾਰੇ ਦਾ ਪਤਾ ਲੱਗ ਸਕੇ।