ਉਦੈਪੁਰ ਮਰਡਰ ਕੇਸ : ਕਨ੍ਹਈਆ ਲਾਲ ਦੇ ਅੰਤਿਮ ਸਸਕਾਰ ਨੂੰ ਲੈ ਕੇ ਸਥਿਤੀ ਤਨਾਅਪੂਰਨ
ਬਾਬੂਸ਼ਾਹੀ ਨੈਟਵਰਕ
ਉਦੈਪੁਰ : ਉਦੈਪੁਰ 'ਚ ਹੋਏ ਘਿਨਾਉਣੇ ਕਤਲ ਤੋਂ ਬਾਅਦ ਸ਼ਹਿਰ 'ਚ ਥਾਂ-ਥਾਂ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਸੱਤ ਥਾਣਿਆਂ ਦੇ ਖੇਤਰਾਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੂਰੇ ਰਾਜਸਥਾਨ 'ਚ 24 ਘੰਟੇ ਲਈ ਇੰਟਰਨੈੱਟ ਬੰਦ ਹੈ।
ਦਰਅਸਲ ਬੀਤੇ ਦਿਨ ਕਨ੍ਹਈਆ ਲਾਲ ਜੋ ਕਿ ਦਰਜੀ ਦਾ ਕੰਮ ਕਰਦਾ ਸੀ ਦਾ ਕੁੱਝ ਲੋਕਾਂ ਨੇ ਕਤਲ ਕਰ ਦਿਤਾ ਸੀ ਅਤੇ ਮ੍ਰਿਤਕ ਉਤੇ ਦੋਸ਼ ਇਹ ਲਾਏ ਗਏ ਸਨ ਕਿ ਉਸ ਨੇ ਨੂਪੁਰ ਸ਼ਰਮਾ ਦਾ ਸਮਰੱਥਨ ਕੀਤਾ ਸੀ। ਦਸ ਦਈਏ ਕਿ ਨੂਪੁਰ ਸ਼ਰਮਾ ਨੇ ਹਜ਼ਰਤ ਮੁਹੰਮਦ ਵਿਰੁਧ ਟਿੱਪਣੀ ਕੀਤੀ ਸੀ ਜਿਸ ਮਗਰੋਂ ਇਸ ਸਬੰਧਤ ਭਾਈਚਾਰਾ ਕਾਫੀ ਨਾਰਾਜ਼ ਹੋ ਗਿਆ ਸੀ।
ਗਹਿਲੋਤ ਦੇ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਖਚਰੀਆਵਾਸ ਨੇ ਕਿਹਾ ਕਿ ਮੈਂ ਇਸ ਘਟਨਾ ਤੋਂ ਬਾਅਦ ਉਬਲ ਰਿਹਾ ਹਾਂ। ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੋਸ਼ੀਆਂ ਨੂੰ ਚਾਰ ਦਿਨਾਂ ਵਿੱਚ ਫਾਂਸੀ ਦਿੱਤੀ ਜਾਵੇ।
ਕਨ੍ਹਈਆ ਲਾਲ ਦੀ ਲਾਸ਼ ਉਨ੍ਹਾਂ ਦੇ ਘਰ ਪਹੁੰਚ ਗਈ ਹੈ। ਉਸ ਦੇ ਘਰ ਦੇ ਬਾਹਰ ਭੀੜ ਇਕੱਠੀ ਹੋ ਗਈ ਹੈ। ਇਸ ਦੌਰਾਨ ‘ਕਨ੍ਹਈਆ ਅਮਰ ਰਹੇ’ ਦੇ ਨਾਅਰੇ ਲਾਏ ਗਏ। ਇਸ ਦੇ ਨਾਲ ਹੀ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਏਆਈਐਮਆਈਐਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਉਦੈਪੁਰ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਰਾਜਸਥਾਨ ਸਰਕਾਰ ਸਖ਼ਤ ਕਾਰਵਾਈ ਕਰੇਗੀ। ਜੇਕਰ ਪੁਲਿਸ ਹੋਰ ਚੌਕਸ ਹੁੰਦੀ ਤਾਂ ਅਜਿਹਾ ਨਹੀਂ ਹੋਣਾ ਸੀ, ਨੂਪੁਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਸੀ ਸਿਰਫ ਮੁਅੱਤਲੀ ਕਾਫੀ ਨਹੀਂ ਸੀ।
ਹੁਣ NIA ਉਦੈਪੁਰ ਕਤਲ ਕਾਂਡ ਦੀ ਜਾਂਚ ਕਰੇਗੀ। ਗ੍ਰਹਿ ਮੰਤਰਾਲੇ ਨੇ ਕਤਲ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਨੂੰ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਕਤਲੇਆਮ ਵਿੱਚ ਕਿਸੇ ਜਥੇਬੰਦੀ ਦੀ ਸ਼ਮੂਲੀਅਤ ਅਤੇ ਕੌਮਾਂਤਰੀ ਸਬੰਧਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ।
ਅੰਤਿਮ ਸਸਕਾਰ ਨੂੰ ਲੈ ਕੇ ਪਰਿਵਾਰ ਅਤੇ ਪੁਲਿਸ ਵਿਚਾਲੇ ਵਿਵਾਦ
ਅੰਤਿਮ ਸਸਕਾਰ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਵਿਚਾਲੇ ਝਗੜਾ ਹੋ ਗਿਆ। ਪੁਲੀਸ ਨੇ ਪਰਿਵਾਰ ਨੂੰ ਘਰ ਨੇੜੇ ਹੀ ਅੰਤਿਮ ਸੰਸਕਾਰ ਕਰਨ ਲਈ ਕਿਹਾ ਪਰ ਪਰਿਵਾਰ ਅਤੇ ਸਮਾਜ ਦੇ ਲੋਕ ਅਸ਼ੋਕ ਨਗਰ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰਨ ਦੀ ਮੰਗ ’ਤੇ ਅੜੇ ਰਹੇ। ਜਿਸ ਤੋਂ ਬਾਅਦ ਪੁਲਿਸ ਨੇ ਅਸ਼ੋਕ ਨਗਰ ਸ਼ਮਸ਼ਾਨਘਾਟ ਵਿਖੇ ਸਸਕਾਰ ਕਰਨ ਦੀ ਮਨਜ਼ੂਰੀ ਦਿੱਤੀ।