FCI 'ਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਠੱਗੇ ਸਾਢੇ ਪੱਚੀ ਲੱਖ,ਚਾਰ ਦੋਸ਼ੀ ਨਾਮਜ਼ਦ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 29 ਜੂਨ 2022
ਥਾਨਾ ਕਲਾਨੌਰ ਵਿੱਚ ਐੱਫਸੀਆਈ (FCI) ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 25.50 ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਡੀ ਐਸ ਪੀ ਰੈਂਕ ਦੇ ਅਧਿਕਾਰੀ ਦੀ ਇਨਕੁਆਰੀ ਤੋਂ ਬਾਅਦ ਦਰਜ ਹੋਇਆ ਹੈ।
ਸ਼ਿਕਾਇਤਕਰਤਾ ਬਲਜੀਤ ਸਿੰਘ ਪੁੱਤਰ ਫ਼ਤਿਹ ਸਿੰਘ ਵਾਸੀ ਹਕੀਮਪੁਰ ਬੱਸਤੀ ਨੇ ਦੱਸਿਆ ਕਿ ਮਨਦੀਪ ਸਿੰਘ ਵਾਸੀ ਬਿਸ਼ਨੀਵਾਲ ਨੇ ਆਪਣੇ ਸਾਥੀਆਂ ਰਾਜੇਸ਼ ਕੁਮਾਰ ਵਾਸੀ ਬਟਾਲਾ, ਜਗਦੀਪ ਸਿੰਘ ਤੇ ਕਰਨ ਵਾਸੀਆਨ ਚੀਮਾ ਨਾਲ ਮਿਲ ਕੇ ਉਸ ਨੂੰ ਅਤੇ ਉਸਦੇ ਇੱਕ ਮਿੱਤਰ ਅਜੈ ਸਿੰਘ ਵਾਸੀ ਜੋਹਲ ਹਿਮਾਚਲ ਪ੍ਰਦੇਸ਼ ਨੂੰ ਐੱਫਸੀਆਈ ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ 25.50 ਲੱਖ ਦੀ ਠੱਗੀ ਮਾਰੀ ਹੈ।
ਬਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਮਨਦੀਪ ਸਿੰਘ ਇਕ ਕਲੀਨਿਕ ਚਲਾਂਉਦਾ ਹੈ। ਬਲਜੀਤ ਸਿੰਘ ਕਬੱਡੀ ਦਾ ਖਿਡਾਰੀ ਹੈ । ਇਕ ਦਿਨ ਦੋਸ਼ੀ ਮਨਦੀਪ ਸਿੰਘ ਨੇ ਉਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਅਤੇ ਉਸ ਦੇ ਸਾਥੀ ਉਸ ਨੂੰ ਐਫ ਸੀ ਆਈ ਵਿਚ ਨੌਕਰੀ ਦਵਾ ਸਕਦੇ ਹਨ।
ਬਲਜੀਤ ਸਿੰਘ ਨੇ ਦੱਸਿਆ ਕਿ ਉਹ ਮਨਦੀਪ ਅਤੇ ਉਸਦੇ ਸਾਥੀਆਂ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਆਪਣੀ ਅਤੇ ਆਪਣੇ ਮਿੱਤਰ ਅਜੇ ਸਿੰਘ ਦੀ ਨੌਕਰੀ ਲਗਵਾਉਣ ਲਈ ਮਨਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪੱਚੀ ਲੱਖ ਪੰਜਾ ਹਜਾਰ ਰੁਪਏ ਦੇ ਦਿੱਤੇ। ਉਸ ਨੇ ਦੱਸਿਆ ਕਿ ਇਹਨਾਂ ਵਿੱਚੋਂ 10 ਲੱਖ ਦੇ ਕਰੀਬ ਪੈਸੇ ਮਨਦੀਪ ਸਿੰਘ ਦੇ ਅਕਾਊਂਟ ਵਿੱਚ ਜਮ੍ਹਾ ਕਰਵਾਏ ਗਏ ਸਨ ਅਤੇ ਬਾਕੀ ਤਿੰਨ ਕਿਸ਼ਤਾਂ ਵਿਚ ਨਗਦ ਦਿੱਤੇ ਗਏ ਸਨ ਪਰ ਪੈਸੇ ਦੇਣ ਦੇ ਬਾਵਜੂਦ ਸੀ ਨੌਕਰੀ ਨਹੀਂ ਲਗਾਈ ਗਈ।
ਦੂਜੇ ਪਾਸੇ ਮਾਮਲੇ ਦੀ ਜਾਂਚ ਅਧਿਕਾਰੀ ਸਹਾਇਕ ਸਬ ਇੰਸਪੈਕਟਰ ਸੁਲੱਖਣ ਰਾਮ ਪੁਲਿਸ ਸਟੇਸ਼ਨ ਕਲਾਨੋਰ ਨੇ ਦੱਸਿਆ ਕਿ ਬਲਜੀਤ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਕਪਤਾਨ ਪੁਲਿਸ ਸਥਾਨਿਕ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਉਕਤ ਚਾਰ ਵਿਅਕਤੀਆਂ ਦੇ ਵਿਰੁੱਧ ਧਾਰਾ 420 ਅਧੀਨ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।