ਪਟਿਆਲਾ: 22 ਨੰਬਰ ਫਾਟਕ ਪੂਲ ਕੋਲ ਕੱਟੇ ਦਰਖੱਤਾਂ ਤੇ ਕਾਰਵਾਈ ਲਈ ਏਡੀਸੀ ਨੂੰ ਦਿੱਤਾ ਮੰਗ ਪੱਤਰ
ਐਨ.ਜੀ.ਟੀ. ਦੇ ਹੁਕਮਾਂ ਦੀਆ ਪ੍ਰਸ਼ਾਸ਼ਨ ਉਡਾ ਰਿਹਾ ਧੱਜੀਆਂ:- ਐਡਵੋਕੇਟ ਪ੍ਰਭਜੀਤਪਾਲ ਸਿੰਘ
ਜੀ ਐਸ ਪੰਨੂ
ਪਟਿਆਲਾ,29ਜੂਨ,2022 - ਪਟਿਆਲਾ ਦੇ 22 ਨੰਬਰ ਫਾਟਕ ਵਾਲੇ ਪੁੱਲ ਦੇ ਨਾਲ ਤਕਰੀਬਨ ਸੈਂਕੜੇ ਦਰਖਤ ਕੱਟ ਕੇ ਇੰਟਰਲੌਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਪੁੱਲ ਦੇ ਨੀਚੇ ਬਹੁਤ ਸੁੰਦਰ ਪਾਰਕ ਤੇ ਗਰਿੱਲਾਂ ਲੱਗੀਆਂ ਹੋਈਆਂ ਸਨ। ਇਸ ਗੱਲ ਦਾ ਰੋਸ ਜਾਹਿਰ ਕਰਦਿਆਂ ਸਮਾਜ ਸੇਵੀ ਅਤੇ ਕਿਸਾਨ ਆਗੂ ਐਡਵੋਕੇਟ ਪ੍ਰਭਜੀਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੂੰ ਮਿਲ ਕੇ ਮੰਗ ਪੱਤਰ ਸੌਪਿਆ ਗਿਆ ਕਿ ਨਜਾਇਜ਼ ਹੋ ਰਹੀ ਦਰਖੱਤਾਂ ਦੀ ਪੁਟਾਈ ਸਬੰਧੀ ਸਬੰਧਿਤ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ।
ਇਸ ਸਬੰਧੀ ਐਡਵੋਕੇਟ ਪ੍ਰਭਜੀਤਪਾਲ ਸਿੰਘ ਉਨ੍ਹਾਂ ਨਾਲ ਦਲਜੀਤ ਸਿੰਘ ਛੀਨਾ, ਚਰਨਜੀਤ ਸਿੰਘ ਸਾਹੀ, ਗੁਰਿੰਦਰ ਸਿੰਘ ਨੇ ਕਿਹਾ ਕਿ ਪ੍ਰਸ਼ਾਸ਼ਨ ਵਲੋ ਬਿਨ੍ਹਾਂ ਕੁਝ ਸੋਚੇ-ਸਮਝੇ ਇੰਨ੍ਹਾਂ ਦਰਖਤਾਂ ਦੀ ਕਟਾਈ ਕਰ ਦਿੱਤੀ ਗਈ ਹੈ ਅਤੇ ਸਰੇਆਮ ਐਨ.ਜੀ.ਟੀ. (ਨੈਸ਼ਨਲ ਗਰੀਨ ਟ੍ਰਿਬਿਊਨਲ) ਦੇ ਅਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਜਦੋਂ ਕਿ ਸਰਕਾਰ ਵੱਲੋਂ ਕਰੋਨਾ ਕਾਲ ਤੋਂ ਬਾਅਦ ਸਖ਼ਤ ਹਦਾਇਤਾਂ ਹਨ ਕਿ ਕੋਈ ਵੀ ਹਰਾ ਦਰਖ਼ਤ ਨਹੀਂ ਕੱਟਿਆ ਜਾ ਸਕਦਾ ਇਕ ਪਾਸੇ ਤਾਂ ਸਰਕਾਰ ਗਲੋਬਲ ਵਾਰਮਿੰਗ ਦੀ ਦੁਹਾਈ ਦੇ ਕੇ ਸਮਾਜਿਕ ਸੰਸਥਾਵਾਂ, ਕਲੱਬਾਂ, ਲੋਕਾਂ ਨੂੰ ਦਰਖਤ ਲਗਾਉਣ ਦੀ ਅਪੀਲ ਕਰਦੀਆਂ ਹਨ ਕਿ ਵੱਧ ਤੋਂ ਵੱਧ ਦਰੱਖਤ ਲਗਾਓ ਪਰੰਤੂ ਪ੍ਰਸ਼ਾਸ਼ਨ ਨੂੰ ਵੱਧ ਤੋਂ ਵੱਧ ਦਰੱਖਤ ਕੱਟਣ ਦੇ ਹੁਕਮ ਕੌਣ ਦੇ ਰਿਹਾ ?
ਜੇਕਰ ਮਾਰਕੀਟ ਨੂੰ ਪਾਰਕਿੰਗ ਦੀ ਲੋੜ ਵੀ ਸੀ ਤਾਂ ਮਾਰਕਿਟ ਤਰਫ ਤੋਂ ਦਰਖਤ ਕਿਸੇ ਵਿਉਂਤਬੰਦੀ ਨਾਲ ਹਟਾਏ ਜਾ ਸਕਦੇ ਸੀ। ਦੂਸਰੇ ਪਾਸੇ ਰਿਹਾਇਸ਼ੀ ਘਰਾਂ ਵੱਲੋਂ ਕਿਉਂ ਦਰੱਖਤ ਪੱਟੇ ਗਏ ਹਨ ? ਮਾਰਕੀਟ ਤੋਂ ਅੱਗੇ ਫਾਟਕ ਤੱਕ ਸੈਂਕੜੇ ਦਰੱਖਤ ਪੱਟੇ ਗਏ ਹਨ ਉਥੇ ਤਕ ਤਾਂ ਕੋਈ ਦੁਕਾਨ ਵੀ ਨਹੀਂ ਸੀ। ਜੇਕਰ ਕਿਸੇ ਕਾਰਨ ਦਰੱਖ਼ਤ ਹਟਾਉਣੇ ਵੀ ਪੈ ਗਏ ਤਾਂ ਪਟਣਾ ਕੋਈ ਬਦਲ ਨਹੀਂ। ਇੰਨਾਂ ਨੂੰ ਕਿਸੇ ਹੋਰ ਜਗਾ ਲਗਾਇਆ ਜਾ ਸਕਦਾ ਸੀ। ਬਰਸਾਤ ਦਾ ਮੌਸਮ ਹੋਣ ਕਾਰਨ ਇਹ ਦਰੱਖਤ ਚੱਲ ਵੀ ਪੈਣੇ ਸੀ ਪਰ ਕਿਸੇ ਵੀ ਅਧਿਕਾਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਇਸ ਤਰ੍ਹਾਂ ਦੀਆਂ ਲਾਪਰਵਾਹੀਆਂ ਦੀਆਂ ਅਨੇਕਾਂ ਹੀ ਮਿਸਾਲਾਂ ਹਨ । ਸੜਕਾਂ ਨੂੰ ਅਕਸਰ ਚੌੜਾ ਕਰਨ ਲਈ ਦਰਖ਼ਤ ਪੱਟ ਲਏ ਜਾਂਦੇ ਹਨ ਪਰ ਉਨ੍ਹਾਂ ਦੀ ਭਰਪਾਈ ਕਰਨ ਲਈ ਨਵੇਂ ਦਰੱਖਤ ਨਹੀਂ ਲਗਾਏ ਜਾਂਦੇ। ਪ੍ਰਸ਼ਾਸ਼ਨ ਵੱਲੋਂ NGT ਦੇ ਹੁਕਮਾਂ ਦੀ ਜੇਕਰ ਇਸ ਤਰ੍ਹਾਂ ਹੀ ਉਲੰਘਣਾ ਹੁੰਦੀ ਰਹੀ ਤਾਂ NGT ਦੀ ਕੀ ਮਹੱਤਤਾ ਰਹਿ ਜਾਏਗੀ।
ਜ਼ਿਕਰਯੋਗ ਹੈ ਕਿ ਕੱਲ ਜਦੋਂ ਦਰਖੱਤਾਂ ਦੀ ਕਟਾਈ ਕੀਤੀ ਜਾ ਰਹੀ ਸੀ ਤਾਂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋ ਮੌਕੇ ਤੇ ਪੁਹੰਚ ਕੇ ਦਰਖਤਾਂ ਦੀ ਕਟਾਈ ਦਾ ਵਿਰੋਧ ਕਰਕੇ ਕੰਮ ਰੁਕਵਾ ਦਿੱਤਾ ਸੀ। ਜਿਸ ਸਬੰਧੀ ਉਨ੍ਹਾਂ ਨੇ ਅੱਜ ਮੰਗ ਪੱਤਰ ਰਾਹੀ ਏ.ਡੀ.ਸੀ. ਪਟਿਆਲਾ ਨੂੰ ਬੇਨਤੀ ਕੀਤੀ ਕਿ ਕੰਮ ਤੇ ਜਲਦੀ ਰੋਕ ਲਗਾਈ ਜਾਵੇ ਤਾਂ ਜੋਂ ਰਹਿੰਦੇ ਦਰਖੱਤਾਂ ਨੂੰ ਬਚਾਇਆਂ ਜਾਂ ਸਕੇ ਅਤੇ ਇਸ ਮਸਲੇ ਤੇ ਗੰਭੀਰਤਾ ਨਾਲ ਧਿਆਨ ਦਿੰਦੇ ਹੋਏ ਪੜਤਾਲ ਕੀਤੀ ਜਾਵੇ ਅਤੇ ਜੋ ਵੀ ਦੋਸ਼ੀ ਪਾਏ ਜਾਣ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ।